Kapurthala News : ਦਿਲ ਤੋੜਨ ਵਾਲੀ ਤਸਵੀਰ ! ASI ਦੇ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਪਿਓ ਨੇ ਲਾਸ਼ ਕੋਲ ਖੜ੍ਹ ਕੇ ਕੀਤੀ ਅਰਦਾਸ
Kapurthala News : ਕਪੂਰਥਲਾ 'ਚ ਪੰਜਾਬ ਪੁਲਿਸ ਦੇ ਏਐੱਸਆਈ ਦੇ ਜਵਾਨ ਪੁੱਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਟਲੀ ਤੋਂ ਆਏ ਨੌਜਵਾਨ ਦੀ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਜਾਂਦੇ ਰਸਤੇ ਵਿਚ ਲਾਸ਼ ਮਿਲੀ ਹੈ। ਜਿਸ ਮਗਰੋਂ ਪਿਤਾ ਨੇ ਪੁੱਤ ਦੀ ਮ੍ਰਿਤਕ ਦੇਹ ਕੋਲ ਖੜ੍ਹ ਕੇ ਅਰਦਾਸ ਕੀਤੀ ਤੇ ਉਸ ਨੂੰ ਵਾਹਿਗੁਰੂ ਦਾ ਭਾਣਾ ਸਮਝ ਕੇ ਖ਼ੁਦ ਨੂੰ ਹੌਸਲਾ ਦਿੱਤਾ। ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਹੈ ਅਤੇ ਪਿਤਾ ਨਰਿੰਦਰ ਸਿੰਘ ਬੈਂਸ ਕਪੂਰਥਲਾ ਥਾਣੇ 'ਚ ASI ਹੈ। ਨੌਜਵਾਨ ਪੁੱਤ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਪਿਓ ਨੇ ਪੁੱਤ ਦੀ ਲਾਸ਼ ਕੋਲ ਖੜ੍ਹ ਕੇ ਰੱਬ ਅੱਗੇ ਅਰਦਾਸ ਕੀਤੀ ਹੈ ਪਰਮਾਤਮਾ! ਤੁਸੀਂ ਦੋ ਪੁੱਤਰ ਬਖ਼ਸ਼ੇ ਸਨ, ਇਕ ਪੁੱਤਰ ਤੂੰ ਵਾਪਸ ਲੈ ਲਿਆ ਪਰ ਅਫ਼ਸੋਸ ਸਾਡੀਆਂ ਸਰਕਾਰਾਂ ਨਸ਼ਾ ਖ਼ਤਮ ਕਰਨ 'ਚ ਫੇਲ ਰਹੀਆਂ ਹਨ। ਮ੍ਰਿਤਕ ਨੌਜਵਾਨ ਦੇ ਪੁਲਿਸ ਮੁਲਾਜ਼ਮ ਪਿਤਾ ਨਰਿੰਦਰ ਸਿੰਘ ਬੈਂਸ ਨੇ ਆਪਣੀ ਹੀ ਸਰਕਾਰ ਅਤੇ ਪੁਲਿਸ 'ਤੇ ਸਵਾਲ ਚੁੱਕਦਿਆਂ ਕਿਹਾ ਮੈਂ ਕਈ ਵਾਰਾਂ ਧਿਆਨ 'ਚ ਲਿਆਂਦਾ ਸੀ ਕਿ ਮੇਰੇ ਪਿੰਡ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਮੇਰਾ ਪੁੱਤਰ ਹੀ ਨਸ਼ੇ ਦੀ ਭੇਟ ਚੜ ਗਿਆ।
ਅਮਨਦੀਪ ਦੇ ਪਿਤਾ ਨਰਿੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੇ 2 ਪੁੱਤਰ ਹਨ ਤੇ ਦੋਵਾਂ ਦਾ ਵਿਆਹ ਮੈਂ 5 ਮਹੀਨੇ ਪਹਿਲਾਂ ਹੀ ਕੀਤਾ ਸੀ। ਅਮਨਦੀਪ ਜਨਵਰੀ ਵਿਚ ਇਟਲੀ ਤੋਂ ਪੰਜਾਬ ਪਰਤਿਆ ਸੀ ਪਰ ਇਥੇ ਆ ਕੇ ਉਹ ਗਲਤ ਸੰਗਤ ਵਿਚ ਪੈ ਗਿਆ ਤੇ ਨਸ਼ੇ ਕਰਨ ਲੱਗ ਪਿਆ। 5 ਜੁਲਾਈ ਨੂੰ ਉਹ ਘਰੋਂ ਇਹ ਕਹਿ ਕੇ ਨਿਕਲਿਆ ਕਿ ਮੈਂ ਕੁਝ ਖਾਣ-ਪੀਣ ਦਾ ਸਾਮਾਨ ਲੈਣ ਚੱਲਿਆ ਹਾਂ ਤੇ ਕੁਝ ਹੀ ਦੇਰ ਵਿਚ ਵਾਪਸ ਆ ਜਾਵਾਂਗਾ ਪਰ ਜਦੋਂ ਉਹ ਦੇਰ ਰਾਤ ਵਾਪਸ ਨਹੀਂ ਪਰਤਿਆ ਤਾਂ ਅਸੀਂ ਉਸਦੀ ਭਾਲ ਸ਼ੁਰੂ ਕਰ ਦਿੱਤੀ ਪਰ ਉਹ ਸਾਨੂੰ ਨਹੀਂ ਮਿਲਿਆ।
ਸਵੇਰੇ ਮੈਨੂੰ ਪੁਲਿਸ ਵਾਲਿਆਂ ਦਾ ਫੋਨ ਆਇਆ ਕਿ ਸਾਨੂੰ ਇਕ ਮ੍ਰਿਤਕ ਦੇਹ ਮਿਲੀ ਹੈ ਤੇ ਫਿਰ ਅਸੀਂ ਜਾ ਕੇ ਅਮਨਦੀਪ ਦੀ ਮ੍ਰਿਤਕ ਦੇਹ ਬਰਾਮਦ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ 15 ਜੁਲਾਈ ਨੂੰ ਅਮਨਦੀਪ ਸਿੰਘ ਨੇ ਇਟਲੀ ਵਾਪਸ ਜਾਣਾ ਸੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਨਰਿੰਦਰ ਸਿੰਘ ਬੈਂਸ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਹਨ ਅਤੇ ਪੰਜਾਬ ਪੁਲਿਸ 'ਚ ਬਤੌਰ ਇੰਸਪੈਕਟਰ ਹਨ। ਜਿਨ੍ਹਾਂ ਦੀ ਸ਼ਖ਼ਸੀਅਤ ਬੜੀ ਨੇਕ ਦਿਲ ਤੇ ਈਮਾਨਦਾਰ ਅਫਸਰ ਵਜੋਂ ਰਹੀ ਹੈ। ਪਿੱਛੇ ਜਿਹੇ ਨੇ ਇਸ ਪੜੇ ਲਿਖੇ ਪਰਿਵਾਰ ਨੂੰ ਸਰਪੰਚੀ ਦਾ ਮਾਣ ਬਖਸ਼ਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਐਸ.ਐਚ.ਓ. ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਪਿੰਡ ਮੁਸ਼ਕਵੇਦ ਤੋਂ ਡੈਣਵਿੰਡ ਨੂੰ ਜਾਂਦੇ ਰਸਤੇ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ। ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਉਸਦੇ ਪਿਤਾ ਏ.ਐਸ.ਆਈ. ਨਰਿੰਦਰ ਸਿੰਘ ਬੈਂਸ ਨੇ ਆਪਣੇ ਲੜਕੇ ਅਮਨਦੀਪ ਸਿੰਘ ਵਾਸੀ ਡੈਣਵਿੰਡ ਵਜੋਂ ਕੀਤੀ ਹੈ। ਮਿ੍ਤਕ ਲੜਕੇ ਦੀ ਮਾਤਾ ਸਰਬਜੀਤ ਕੌਰ ਪਿੰਡ ਡੈਣਵਿੰਡ ਦੀ ਮੌਜੂਦਾ ਸਰਪੰਚ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
- PTC NEWS