'ਚੀਮਾ ਵੀ ਜ਼ਿੰਮੇਵਾਰ ਐ...ਮੇਰੀ ਮੌਤ ਦਾ' ਬਜ਼ੁਰਗ ਨੇ ਕਿਉਂ ਚੁੱਕਿਆ ਖੌਫ਼ਨਾਕ ਕਦਮ, ਕਿਸ ਨੇ ਕੀਤਾ ਸੀ ਮਜਬੂਰ ? ਸੁਣੋ ਗੁਲਜ਼ਾਰ ਸਿੰਘ ਦੀ ਜ਼ੁਬਾਨੀ
Gulzar Singh Viral Video : ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Punjab Minister Harpal Cheema) ਦੇ ਪ੍ਰੋਗਰਾਮ ਦੌਰਾਨ ਸਲਫਾਸ ਨਿਗਲਣ ਵਾਲੇ ਬਜ਼ੁਰਗ ਗੁਲਜ਼ਾਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਵੇਂ ਕਿ ਡਾਕਟਰਾਂ ਦੀ ਟੀਮ ਵੱਲੋਂ ਬਜ਼ੁਰਗ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਪਰੰਤੂ ਫਿਰ ਵੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਤਾਜ਼ਾ ਅਪਡੇਟ ਸਾਹਮਣੇ ਆਈ ਹੈ ਕਿ ਬਜੁਰਗ ਗੁਲਜ਼ਾਰ ਸਿੰਘ ਨੂੰ ਹੁਣ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਵੀਡੀਓ ਵਿੱਚ ਬਜ਼ੁਰਗ ਨੇ ਕਿਸ ਨੂੰ ਦੱਸਿਆ ਆਪਣੀ ਮੌਤ ਲਈ ਜ਼ਿੰਮੇਵਾਰ ?
ਉਧਰ, ਹੁਣ ਪੀੜਤ ਗੁਲਜ਼ਾਰ ਸਿੰਘ ਦੀ ਹਸਪਤਾਲ ਲਿਆਉਣ ਸਮੇਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਦਾਅਵਾ ਹੈ ਕਿ ਇਹ ਵੀਡੀਓ ਬਜ਼ੁਰਗ ਦੀ ਸਲਫਾਸ ਨਿਗਲਣ ਤੋਂ ਬਾਅਦ ਦੀ ਹੈ, ਜਿਸ ਵਿੱਚ ਉਹ ਆਪਣੇ ਵੱਲੋਂ ਸਫਲਾਸ ਨਿਗਲਣ ਪਿੱਛੇ ਕਾਰਨਾਂ ਅਤੇ ਉਸ ਨੂੰ ਮਜਬੂਰ ਕਰਨ ਵਾਲੇ ਲੋਕਾਂ ਦਾ ਨਾਮ ਲੈਂਦਾ ਸੁਣਾਈ ਦੇ ਰਿਹਾ ਹੈ।
ਵੀਡੀਓ ਵਿੱਚ ਬਜ਼ੁਰਗ ਕਹਿ ਰਿਹਾ ਹੈ, ''ਕੱਲ ਸਾਡੇ ਪਿੰਡ ਚੀਮਾ ਆਇਆ ਸੀ ਅਤੇ ਮੈਂ ਸਵਾਲ ਕੀਤਾ ਸੀ। ਇਸ ਗੱਲ ਦਾ ਚੀਮਾ ਵੀ ਜ਼ਿੰਮੇਵਾਰ ਹੈ...ਮੇਰੀ ਮੌਤ ਦਾ ਵੀ ਜ਼ਿੰਮੇਵਾਰ ਹੈ। ਇੱਕ ਪੰਚਾਇਤ ਦਾ ਸਰਪੰਚ ਵੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ।''
ਬਜ਼ੁਰਗ ਨੇ ਕਿਹਾ ਕਿ ਉਸ ਨੇ ਚਿੱਟੇ ਬਾਰੇ ਸਵਾਲ ਪੁੱਛਿਆ ਸੀ, ਕਿਉਂਕਿ ਉਸ ਦਾ ਮੁੰਡਾ ਚਿੱਟਾ (ਨਸ਼ਾ) ਪੀਂਦਾ ਹੈ ਅਤੇ ਨਸ਼ੇ ਤੋਂ ਪੀੜਤ ਹੈ। ਉਸ ਨੇ ਕਿਹਾ ਕਿ ਚਿੱਟੇ ਕਾਰਨ ਉਸ ਦੇ ਘਰ ਦਾ ਸਾਰਾ ਕੁੱਝ ਹੀ ਵਿਕ ਗਿਆ। ਉਸ ਨੇ ਕਿਹਾ ਕਿ ਨਸ਼ੇ ਨੇ ਮੈਨੂੰ ਇੰਨਾ ਬੇਰੁਜ਼ਗਾਰ ਕਰ ਦਿੱਤਾ ਕਿ ਮੈਂ ਮੰਗਣ ਤੋਂ ਵੀ ਮਜਬੂਰ ਹੋ ਗਿਆ। ਉਸ ਨੇ ਕਿਹਾ ਕਿ ਚਿੱਟਾ ਕਿਤੇ ਵੀ ਬੰਦ ਨਹੀਂ ਹੋਇਆ।
ਗੁਲਜ਼ਾਰ ਸਿੰਘ ਨੇ ਹਰਪਾਲ ਚੀਮਾ ਨੂੰ ਕੀਤਾ ਸੀ ਨਸ਼ੇ 'ਤੇ ਸਵਾਲ
ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੜ੍ਹਬਾ 'ਚ ਐਤਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਦੌਰਾਨ ਆਪਣੇ ਮੁੰਡੇ ਦੇ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਇੱਕ ਗੁਲਜ਼ਾਰ ਸਿੰਘ ਨਾਮ ਦੇ ਇੱਕ ਬਜ਼ੁਰਗ ਨੇ ਦੁਖੀ ਹੋ ਕੇ ਪ੍ਰੋਗਰਾਮ ਦੌਰਾਨ ਵਿੱਤ ਮੰਤਰੀ ਅੱਗੇ ਨਸ਼ੇ ਨੂੰ ਲੈ ਕੇ ਸਵਾਲ ਕੀਤੇ ਸਨ। ਉਸ ਨੇ ਇਸ ਦੌਰਾਨ ਵਿੱਤ ਮੰਤਰੀ ਨੂੰ ਪੁੱਛਿਆ ਸੀ ਕਿ, “ਮੇਰਾ ਮੁੰਡਾ ਸਰੇਆਮ ਚਿੱਟਾ ਪੀ ਜਾਂਦਾ ਹੈ, ਤੁਸੀਂ ਚਿੱਟਾ ਕਿਉਂ ਨਹੀਂ ਬੰਦ ਕਰਦੇ?”
ਜਾਣਕਾਰੀ ਅਨੁਸਾਰ, ਇਸ ਦੌਰਾਨ ਜਦੋਂ ਪੁਲਿਸ ਨੇ ਬਜ਼ੁਰਗ ਨੂੰ ਪਾਸੇ ਕਰ ਦਿੱਤਾ ਤਾਂ ਪਿੰਡ ਤੂਰ ਵੰਜਾਰਾ ਦੇ ਸਰਪੰਚ ਅਤੇ ਕੁੱਝ ਹੋਰ ਵਿਅਕਤੀਆਂ ਵੱਲੋਂ ਉਸ ਉੱਪਰ ਕਥਿਤ ਤੌਰ ’ਤੇ ਦਬਾਅ ਬਣਾਇਆ ਗਿਆ ਕਿ ਉਹ ਸਵੇਰੇ ਖੜ੍ਹ ਕੇ ਮਾਫ਼ੀ ਮੰਗੇ ਕਿ ਉਸ ਨੇ ਮੰਤਰੀ ਨੂੰ ਸਵਾਲ ਕਿਉਂ ਕੀਤਾ ? ਇਸ ਅਪਮਾਨ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਿਆ ਸੀ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਇਹ ਵੀ ਪੜ੍ਹੋ...
- PTC NEWS