Harbhajan Mann News - ਪੰਜਾਬੀ ਗਾਇਕ ਹਰਭਜਨ ਮਾਨ ਨੂੰ ਵੱਡਾ ਸਦਮਾ, ਇੰਸਟਾਗ੍ਰਾਮ ਪੋਸਟ ਪਾ ਕੇ ਦਿੱਤੀ ਜਾਣਕਾਰੀ
Harbhajan Mann father-in-law passes away - ਉਘੇ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਨੂੰ ਦੇਰ ਰਾਤ ਉਸ ਸਮੇਂ ਵੱਡਾ ਸਦਮਾ ਲੱਗਿਆ ਹੈ, ਜਦੋਂ ਉਨ੍ਹਾਂ ਦੇ ਸਹੁਰਾ ਹਰਚਰਨ ਸਿੰਘ ਰਾਮੂਵਾਲੀਆ ਦਾ ਦੇਹਾਂਤ ਹੋ ਗਿਆ। ਗਾਇਕ ਨੇ ਖੁਦ ਇਸ ਸਬੰਧੀ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਜਾਣਕਾਰੀ ਸਾਂਝੀ ਕੀਤੀ ਅਤੇ ਪ੍ਰਮਾਤਮਾ ਅੱਗੇ ਚਰਨਾਂ 'ਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ।
ਗਾਇਕ ਨੇ ਆਪਣੀ ਪੋਸਟ ਰਾਹੀਂ ਦੁੱਖ ਬਿਆਨਦਿਆਂ ਲਿਖਿਆ, ''ਮੇਰੀ ਪਤਨੀ ਹਰਮਨ ਮਾਨ ਦੇ ਪਿਤਾ ਜੀ ਤੇ ਮੇਰੇ ਸਤਿਕਾਰਯੋਗ ਪਾਪਾ ਜੀ (ਸਹੁਰਾ ਸਾਹਿਬ) ਸ. ਹਰਚਰਨ ਸਿੰਘ ਗਿੱਲ ਜੀ ਟੋਰਾਂਟੋ ਵਿਖੇ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਪਿਛਲੇ ਕਰੀਬ 53 ਸਾਲਾਂ ਤੋਂ ਟੋਰਾਂਟੋ ਵਿਖੇ ਰਹਿ ਰਹੇ ਪਾਪਾ ਜੀ ਬੜੇ ਅਗਾਂਹਵਧੁ ਖ਼ਿਆਲਾਤ ਦੇ ਮਾਲਕ ਅਤੇ ਹਰ ਇਨਸਾਨ ਦੇ ਕੰਮ ਆਉਣ ਵਾਲ਼ੇ ਨੇਕ ਦਿਲ ਇਨਸਾਨ ਸਨ।''
ਹਰਭਜਨ ਮਾਨ ਨੇ ਅੱਗੇ ਲਿਖਿਆ, ''ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਜੀ ਦੇ ਜੇਠੇ ਪੁੱਤ, ਪਾਪਾ ਜੀ ਹਰਚਰਨ ਸਿੰਘ ਜੀ ਨੇ ਆਪਣੇ ਜੱਦੀ ਪਿੰਡ ਰਾਮੂੰਵਾਲਾ ਨਵਾਂ, ਜ਼ਿਲਾ ਮੋਗਾ ਸਮੇਂਤ ਪੰਜਾਬ ਦੇ ਹੋਰ ਵੱਖ-ਵੱਖ ਸਕੂਲਾਂ ਵਿੱਚ ਅਧਿਆਪਕ ਵਜੋਂ ਸੇਵਾ ਨਿਭਾਈ। ਉਹਨਾਂ ਦੀਆਂ ਦਿੱਤੀਆਂ ਨਸੀਹਤਾਂ ਤੇ ਹੱਲਾਸ਼ੇਰੀਆਂ ਨੇ ਸਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਆ ਹੈ। ਉਹਨਾਂ ਹਰ ਹਾਲਾਤ ਵਿੱਚ ਜ਼ਿੰਦਾ ਦਿਲੀ ਨਾਲ਼ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ। ਉਹਨਾਂ ਦੀਆਂ ਦਿੱਤੀਆਂ ਸਿੱਖਿਆਵਾਂ ਅਤੇ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ। ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।''
ਹਰਭਜਨ ਮਾਨ ਨਾਲ ਇਸ ਦੁੱਖ ਦੀ ਘੜੀ ਵਿੱਚ ਗੀਤਕਾਰ ਬਾਬੂ ਸਿੰਘ ਮਾਨ, ਨਿਰਦੇਸ਼ਕ ਮਨਮੋਹਨ ਸਿੰਘ, ਹਰਜੀਤ ਸਿੰਘ, ਜਪੁਜੀ ਖਹਿਰਾ, ਬਾਲੀਵੁੱਡ ਅਦਾਕਾਰ ਕੰਵਲਜੀਤ ਸਿੰਘ, ਅਦਾਕਾਰਾ ਕਿੰਮੀ ਵਰਮਾ, ਨੀਰੂ ਬਾਜਵਾ, ਅਮਿਤੋਜ ਮਾਨ, ਸ਼ਿਤਿਜ ਚੌਧਰੀ, ਦੀਪ ਢਿੱਲੋਂ, ਲੇਖਕ ਬਲਦੇਵ ਗਿੱਲ, ਅਦਾਕਾਰ ਅਸ਼ੀਸ਼ ਦੁੱਗਲ, ਲਾਈਨ ਨਿਰਮਾਤਾ ਦਰਸ਼ਨ ਔਲਖ, ਕਲਾ ਨਿਰਦੇਸ਼ਕ ਤੀਰਥ ਸਿੰਘ ਗਿੱਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
- PTC NEWS