Israel Iran War News : ਇਜ਼ਰਾਈਲ ਦਾ ਈਰਾਨ 'ਤੇ ਵੱਡਾ ਹਮਲਾ, ਦਰਜਨਾਂ ਫੌਜੀ ਅਤੇ ਪ੍ਰਮਾਣੂ ਸਥਾਨ ਤਬਾਹ, ਕਈ ਪ੍ਰਮਾਣੂ ਵਿਗਿਆਨੀਆਂ ਅਤੇ ਕਮਾਂਡਰਾਂ ਨੂੰ ਮਾਰਨ ਦਾ ਦਾਅਵਾ
Israel Iran War News : ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲੀ ਹਵਾਈ ਸੈਨਾ ਨੇ ਰਾਜਧਾਨੀ ਤਹਿਰਾਨ ਵਿੱਚ ਕਈ ਥਾਵਾਂ 'ਤੇ ਹਵਾਈ ਹਮਲੇ ਕੀਤੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਿਹੜੇ-ਕਿਹੜੇ ਸਥਾਨਾਂ 'ਤੇ ਹਮਲੇ ਕੀਤੇ ਗਏ ਹਨ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਹਮਲੇ ਵਿੱਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ। ਖਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਇਜ਼ਰਾਈਲ ਈਰਾਨ 'ਤੇ ਹਮਲਾ ਕਰ ਸਕਦਾ ਹੈ।
ਐਕਸੀਓਸ ਦੇ ਅਨੁਸਾਰ ਇਜ਼ਰਾਈਲੀ ਹਵਾਈ ਸੈਨਾ ਨੇ ਵੀਰਵਾਰ ਨੂੰ ਦਰਜਨਾਂ ਹਮਲੇ ਕੀਤੇ ਹਨ, ਜਿਨ੍ਹਾਂ ਵਿੱਚ ਈਰਾਨ ਦੇ ਮਿਜ਼ਾਈਲ ਅਤੇ ਪ੍ਰਮਾਣੂ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਵੀਰਵਾਰ ਰਾਤ ਨੂੰ ਹੀ ਪੂਰੇ ਇਜ਼ਰਾਈਲ ਵਿੱਚ ਸਾਇਰਨ ਵੱਜੇ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕੈਟਸ ਨੇ ਪੂਰੇ ਦੇਸ਼ ਵਿੱਚ ਐਮਰਜੈਂਸੀ ਦੀ ਵਿਸ਼ੇਸ਼ ਸਥਿਤੀ ਲਾਗੂ ਕਰ ਦਿੱਤੀ ਹੈ।
ਟਰੰਪ ਨੇ ਪ੍ਰਗਟ ਕੀਤਾ ਸੀ ਖਦਸ਼ਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਇਜ਼ਰਾਈਲ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਈਰਾਨ 'ਤੇ ਹਮਲਾ ਕਰ ਸਕਦਾ ਹੈ। ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ, ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, "ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇਹ ਬਹੁਤ ਨੇੜੇ ਹੈ ਪਰ ਅਜਿਹਾ ਲੱਗਦਾ ਹੈ ਕਿ ਇਹ ਹੋ ਸਕਦਾ ਹੈ।" ਟਰੰਪ ਨੇ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਈਰਾਨ ਕਿਸੇ ਸਮਝੌਤੇ 'ਤੇ ਗੱਲਬਾਤ ਨਹੀਂ ਕਰਦਾ ਹੈ ਤਾਂ ਪੱਛਮੀ ਏਸ਼ੀਆ ਵਿੱਚ "ਵੱਡੇ ਪੱਧਰ 'ਤੇ ਟਕਰਾਅ" ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਈਰਾਨ ਨਾਲ ਸਮਝੌਤਾ ਕਰਨ ਲਈ ਜ਼ੋਰ ਦਿੰਦੇ ਰਹਿਣਗੇ।
ਇਜ਼ਰਾਈਲ ਵੀ ਅਲਰਟ 'ਤੇ
ਕਾਟਜ਼ ਦਾ ਕਹਿਣਾ ਹੈ ਕਿ ਇਜ਼ਰਾਈਲ ਦੇ ਈਰਾਨ 'ਤੇ ਹਵਾਈ ਹਮਲੇ ਤੋਂ ਬਾਅਦ ਇਹ ਡਰ ਹੈ ਕਿ ਇਜ਼ਰਾਈਲ ਅਤੇ ਇਸਦੇ ਨਾਗਰਿਕਾਂ ਨੂੰ ਨੇੜਲੇ ਭਵਿੱਖ ਵਿੱਚ ਮਿਜ਼ਾਈਲ ਜਾਂ ਡਰੋਨ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਜ਼ਰਾਈਲ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਈਰਾਨ ਨੇ ਤਹਿਰਾਨ ਤੋਂ ਅੰਤਰਰਾਸ਼ਟਰੀ ਉਡਾਣਾਂ ਵੀ ਮੁਅੱਤਲ ਕਰ ਦਿੱਤੀਆਂ ਹਨ।
- PTC NEWS