Jalandhar 'ਚ 13 ਸਾਲਾਂ ਬੱਚੀ ਦੇ ਕਤਲ ਮਾਮਲੇ 'ਚ CM ਭਗਵੰਤ ਮਾਨ ਦਾ ਪਹਿਲਾ ਬਿਆਨ ,ਕਿਹਾ - ਆਰੋਪੀ ਨੂੰ ਜਲਦ ਹੀ ਫਾਂਸੀ 'ਤੇ ਲਟਕਾਵਾਂਗੇ'
Jalandhar Girl Murder Case : ਜਲੰਧਰ ਦੇ ਪੱਛਮੀ ਹਲਕੇ ਵਿੱਚ 13 ਸਾਲਾ ਲੜਕੀ ਦੇ ਕਤਲ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਪਟਿਆਲਾ ਵਿੱਚ ਜਰੀਆ ਫਾਊਂਡੇਸ਼ਨ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਮਾਨ ਨੇ ਕਿਹਾ ਕਿ ਇਹ ਮਾਮਲਾ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। "ਅਸੀਂ ਆਰੋਪੀ ਨੂੰ ਫਾਂਸੀ 'ਤੇ ਲਟਕਾਵਾਂਗੇ। ਇਹ ਘਟਨਾ ਲੋਕਾਂ ਦੇ ਭੁੱਲਣ ਤੋਂ ਪਹਿਲਾਂ ਆਰੋਪੀ ਨੂੰ ਮੌਤ ਦੀ ਸਜ਼ਾ ਮਿਲ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਘਟਨਾ ਅਣਮਨੁੱਖੀ ਹੈ। ਅੱਜ ਦੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿ ਅਜਿਹੇ ਲੋਕਾਂ ਦੇ ਦਿਮਾਗ ਵਿੱਚ ਕਿਸ ਤਰ੍ਹਾਂ ਹੈਵਾਨੀਅਤ ਭਰ ਜਾਂਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਮੁਲਜ਼ਮਾਂ ਵਿਰੁੱਧ ਸਖ਼ਤ ਰਿਪੋਰਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮਾਮਲੇ ਨੂੰ ਫਾਸਟ-ਟਰੈਕ ਅਦਾਲਤ ਵਿੱਚ ਚਲਾਇਆ ਜਾਵੇਗਾ ਤਾਂ ਜੋ ਆਰੋਪੀ ਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਅਤੇ ਕੋਈ ਵੀ ਦੁਬਾਰਾ ਅਜਿਹਾ ਕੁਝ ਕਰਨ ਬਾਰੇ ਸੋਚ ਵੀ ਨਾ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਨੀਵਾਰ ਨੂੰ ਲੜਕੀ ਦੇ ਘਰ ਜਾਣ ਦਾ ਪ੍ਰੋਗਰਾਮ ਸੀ ਪਰ ਕੁੱਝ ਰੁਝੇਵਿਆਂ ਕਾਰਨ ਇਹ ਦੌਰਾ ਮੁਲਤਵੀ ਹੋ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਲੜਕੀ ਦੀ ਮਾਂ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਉਹ ਕਿਸੇ 'ਤੇ ਨਿਰਭਰ ਨਾ ਰਹੇ। ਲੜਕੀ ਦੇ ਭਰਾ ਦਾ ਵੀ ਤਬਾਦਲਾ ਜਲੰਧਰ ਕਰ ਦਿੱਤਾ ਗਿਆ ਹੈ ਤਾਂ ਜੋ ਉਹ ਇਸ ਮੁਸ਼ਕਲ ਸਮੇਂ ਦੌਰਾਨ ਆਪਣੀ ਮਾਂ ਦੀ ਦੇਖਭਾਲ ਕਰ ਸਕੇ। ਸਰਕਾਰ ਨੇ ਪੁਲਿਸ ਨੂੰ ਆਰੋਪੀ ਦੇ ਨਾਲ-ਨਾਲ ਉਸਦੀ ਮਦਦ ਕਰਨ ਵਾਲੇ ਹਰ ਵਿਅਕਤੀ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੇ ਸਖ਼ਤ ਆਦੇਸ਼ ਦਿੱਤੇ ਹਨ।
22 ਨਵੰਬਰ ਨੂੰ ਹੋਇਆ ਸੀ ਕਤਲ ਅਤੇ ASI ਬਰਖਾਸਤ
ਜਲੰਧਰ ਦੇ ਪੱਛਮੀ ਹਲਕੇ ਵਿੱਚ ਇੱਕ ਬੱਸ ਡਰਾਈਵਰ ਨੇ ਆਪਣੀ ਬੇਟੀ ਦੀ ਸਹੇਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। 22 ਨਵੰਬਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਰਵਾਈ ਤੇਜ਼ ਕਰਦਿਆਂ ਪਹਿਲਾਂ ਏਐਸਆਈ ਮੰਗਤ ਰਾਮ ਨੂੰ ਮੁਅੱਤਲ ਕੀਤਾ ਅਤੇ ਬਾਅਦ ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਡਿਊਟੀ 'ਤੇ ਮੌਜੂਦ ਦੋ ਪੀਸੀਆਰ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਦਾ ਨੌਂ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
- PTC NEWS