Jalandhar ਦੇ ਨੌਜਵਾਨ ਦੀ ਰੂਸ-ਯੂਕਰੇਨ ਜੰਗ ’ਚ ਹੋਈ ਮੌਤ , ਪਿੰਡ ਗੁਰਾਇਆ ਪੁੱਜੀ ਮ੍ਰਿਤਕ ਦੇਹ
Jalandhar News : ਜਲੰਧਰ ਦੇ ਗੁਰਾਇਆ ਦੇ ਇੱਕ ਨੌਜਵਾਨ ਦੀ ਰੂਸ-ਯੂਕਰੇਨ ਯੁੱਧ ਵਿੱਚ ਮੌਤ ਹੋ ਗਈ ਹੈ। ਨੌਜਵਾਨ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਰੂਸ ਚਲਾ ਗਿਆ ਸੀ, ਜਿੱਥੇ ਉਸਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕੀਤਾ ਗਿਆ। ਕਈ ਮਹੀਨਿਆਂ ਤੋਂ ਲਾਪਤਾ ਰਹਿਣ ਤੋਂ ਬਾਅਦ ਉਸਦੀ ਲਾਸ਼ ਮ੍ਰਿਤਕ ਦੇਹ ਗੁਰਾਇਆ ਵਿਖੇ ਉਸ ਦੇ ਘਰ ਵਿਖੇ ਪੁੱਜੀ ਹੈ, ਜਿਸ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਹੈ।
ਮਨਦੀਪ ਕੁਮਾਰ 17 ਸਤੰਬਰ, 2023 ਨੂੰ ਇੱਕ ਰਿਸ਼ਤੇਦਾਰ ਅਤੇ ਤਿੰਨ ਜਾਣਕਾਰਾਂ ਨਾਲ ਅਰਮੀਨੀਆ ਲਈ ਰਵਾਨਾ ਹੋਇਆ। ਮਨਦੀਪ ਅਤੇ ਉਸਦੇ ਸਾਥੀ ਅੰਮ੍ਰਿਤਸਰ ਤੋਂ ਫਲਾਈਟ ਰਾਹੀਂ ਅਰਮੀਨੀਆ ਪਹੁੰਚੇ। ਉਨ੍ਹਾਂ ਨੇ ਤਿੰਨ ਮਹੀਨਿਆਂ ਲਈ ਅਰਮੀਨੀਆ ਵਿਚ ਮਜ਼ਦੂਰਾਂ ਵਜੋਂ ਕੰਮ ਕੀਤਾ। 9 ਦਸੰਬਰ, 2023 ਨੂੰ ਉਹ ਰੂਸ ਪਹੁੰਚੇ। ਹਾਲਾਂਕਿ ਮਨਦੀਪ ਕੁਮਾਰ ਰੂਸ ਵਿਚ ਹੀ ਰਿਹਾ, ਜਦੋਂ ਕਿ ਉਸ ਦਾ ਰਿਸ਼ਤੇਦਾਰ ਅਤੇ ਤਿੰਨ ਹੋਰ ਸਾਥੀ ਭਾਰਤ ਵਾਪਸ ਆ ਗਏ।
ਮਨਦੀਪ ਦੇ ਭਰਾ ਜਗਦੀਪ ਕੁਮਾਰ ਨੇ ਕਿਹਾ ਕਿ ਉਹ ਹੁਣ ਇਸ ਬਾਰੇ ਜਾਣਕਾਰੀ ਲੈਣਗੇ ਕਿ ਉਸਦੇ ਭਰਾ ਨੂੰ ਰੂਸੀ ਫੌਜ ਵਿੱਚ ਕਿਵੇਂ ਭਰਤੀ ਕੀਤਾ ਗਿਆ ਸੀ, ਕਿਉਂਕਿ ਉਹ ਅਪਾਹਜ ਸੀ ਅਤੇ ਅਪਾਹਜ ਵਿਅਕਤੀ ਫੌਜ ਵਿੱਚ ਭਰਤੀ ਹੋਣ ਦੇ ਯੋਗ ਨਹੀਂ ਹਨ। ਉਹ ਹੁਣ ਇਸ ਮਾਮਲੇ ਬਾਰੇ ਵਿਦੇਸ਼ ਮੰਤਰਾਲੇ ਅਤੇ ਰੂਸੀ ਸਰਕਾਰ ਨਾਲ ਗੱਲ ਕਰਨਗੇ ਅਤੇ ਰੂਸੀ ਅਦਾਲਤ ਵਿੱਚ ਮੁਕੱਦਮਾ ਵੀ ਦਾਇਰ ਕਰਨਗੇ।
ਭਰਾ ਨੇ ਮਨਦੀਪ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ
ਮਨਦੀਪ ਦੇ ਲਾਪਤਾ ਹੋਣ ਤੋਂ ਬਾਅਦ ਉਸਦੇ ਭਰਾ ਜਗਦੀਪ ਨੇ ਉਸਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਜਗਦੀਪ ਖੁਦ ਰੂਸ ਗਿਆ ਅਤੇ ਉੱਥੋਂ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਸਨੇ ਮਨਦੀਪ ਦੀ ਸੁਰੱਖਿਅਤ ਭਾਰਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕੋਲ ਵੀ ਮਨਦੀਪ ਦਾ ਮਾਮਲਾ ਉਠਾਇਆ। ਹਾਲਾਂਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ।
ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ ਮਨਦੀਪ ਕਈ ਮਹੀਨਿਆਂ ਤੋਂ ਲਾਪਤਾ ਸੀ ਅਤੇ ਪਰਿਵਾਰ ਰੋਜ਼ਾਨਾ ਉਸਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਸੀ। ਉਸਨੇ ਕਿਹਾ ਕਿ ਭਾਵੇਂ ਉਸਦੀ ਲਾਸ਼ ਮਿਲਣ ਨਾਲ ਸੱਚਾਈ ਹੁਣ ਸਾਹਮਣੇ ਆ ਗਈ ਹੈ ਪਰ ਇਹ ਪਰਿਵਾਰ ਲਈ ਬਹੁਤ ਦੁਖਦਾਈ ਪਲ ਹੈ। ਪਰਿਵਾਰ ਜਲਦੀ ਹੀ ਮਨਦੀਪ ਦੀ ਲਾਸ਼ ਨੂੰ ਜਲੰਧਰ ਲੈ ਕੇ ਆਵੇਗਾ, ਜਿੱਥੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
- PTC NEWS