ਸਰਕਾਰੀ ਫੁਰਮਾਨਾਂ ਨਾਲ ਇਤਿਹਾਸ ਦੇ ਪੰਨਿਆਂ ਤੋਂ ਖ਼ੂਨ ਦੇ ਦਾਗ਼ ਨਹੀਂ ਮਿਟਾਏ ਜਾ ਸਕਦੇ, 'ਸਤਲੁਜ' 'ਤੇ ਪਾਬੰਦੀ ਜਜ਼ਬਾਤਾਂ ਦਾ ਕਤਲ : ਜਥੇਦਾਰ ਬਾਬਾ ਟੇਕ ਸਿੰਘ
Baba Tek Singh on Sutlej Ban : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ 'ਤੇ ਆਧਾਰਿਤ ਫ਼ਿਲਮ 'ਸਤਲੁਜ' ਦੇ ਭਾਰਤ ਅੰਦਰ ਪ੍ਰਸਾਰਣ 'ਤੇ ਲਗਾਈ ਗਈ ਪਾਬੰਦੀ 'ਤੇ ਤਿੱਖਾ ਰੋਸ ਪ੍ਰਗਟਾਇਆ ਹੈ। ਉਨ੍ਹਾਂ ਸਰਕਾਰ ਦੇ ਇਸ ਕਦਮ ਦੀ ਕਰੜੇ ਸ਼ਬਦਾਂ ਵਿੱਚ ਮੁਖਾਲਫ਼ਤ ਕਰਦਿਆਂ ਆਖਿਆ ਕਿ ਇਹ ਕਾਰਵਾਈ ਸਿੱਧੇ ਤੌਰ 'ਤੇ ਸੱਚ ਦੀ ਆਵਾਜ਼ ਨੂੰ ਦਬਾਉਣ, ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਅਤੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦਾ ਗਲਾ ਘੁੱਟਣ ਦੇ ਬਰਾਬਰ ਹੈ।
'ਸੱਚ ਬਹੁਤੀ ਦੇਰ ਨਹੀਂ ਛੁਪਾਇਆ ਜਾ ਸਕਦਾ'
ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ "ਹਾਕਮ ਇਹ ਭੁੱਲ ਰਹੇ ਨੇ ਕਿ ਸੱਚ ਦੀ ਫ਼ਿਤਰਤ ਸੂਰਜ ਵਰਗੀ ਹੁੰਦੀ ਹੈ, ਜਿਸ ਨੂੰ ਸਰਕਾਰੀ ਪਾਬੰਦੀਆਂ ਦੇ ਕਾਲੇ ਬੱਦਲ ਬਹੁਤੀ ਦੇਰ ਛੁਪਾ ਕੇ ਨਹੀਂ ਰੱਖ ਸਕਦੇ। ਜਿਸ ਸੱਚ ਨੂੰ ਮਿਟਾਉਣ ਲਈ ਕਦੇ ਭਾਈ ਖਾਲੜਾ ਨੂੰ ਸ਼ਹੀਦ ਕੀਤਾ ਗਿਆ ਸੀ, ਅੱਜ ਉਸੇ ਸੱਚ ਨੂੰ ਪਰਦੇ 'ਤੇ ਆਉਣ ਤੋਂ ਰੋਕ ਕੇ ਸਰਕਾਰ ਆਪਣੀ ਨਾਕਾਮੀ ਅਤੇ ਖ਼ੌਫ਼ ਨੂੰ ਖੁਦ ਕਬੂਲ ਕਰ ਰਹੀ ਹੈ। ਇਹ ਸਿੱਖ ਕੌਮ ਦੇ ਅੱਲ੍ਹੇ ਜ਼ਖ਼ਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ।"
ਨਿਆਂ ਪ੍ਰਣਾਲੀ 'ਤੇ ਖੜੇ ਕੀਤੇ ਸਵਾਲ
ਬਾਬਾ ਟੇਕ ਸਿੰਘ ਜੀ ਨੇ ਦੇਸ਼ ਦੇ ਲੋਕਤੰਤਰ ਅਤੇ ਨਿਆਂ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਅੱਜ ਜਦੋਂ ਸੰਸਾਰ ਦੇ ਕੋਨੇ-ਕੋਨੇ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ, ਤਾਂ ਭਾਰਤ ਅੰਦਰ ਘੱਟ-ਗਿਣਤੀ ਸਿੱਖਾਂ ਨਾਲ ਹੋਏ ਜਬਰ ਨੂੰ ਦੁਨੀਆ ਦੇ ਸਾਹਮਣੇ ਆਉਣ ਤੋਂ ਰੋਕਣਾ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ ਅਤੇ ਧੱਕੇਸ਼ਾਹੀ ਹੈ। ਇਹ ਦੋਹਰੇ ਮਾਪਦੰਡ ਸਾਬਿਤ ਕਰਦੇ ਹਨ ਕਿ ਦੇਸ਼ ਵਿੱਚ ਨਿਆਂ ਦੇ ਤਰਾਜ਼ੂ ਦਾ ਸੰਤੁਲਨ ਵਿਗੜ ਚੁੱਕਾ ਹੈ।
ਇਹ ਵੀ ਪੜ੍ਹੋ... ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਤਲੁਜ ਫ਼ਿਲਮ 'ਤੇ ਪਾਬੰਦੀ ਦੀ ਕੀਤੀ ਨਿੰਦਾ
ਜਥੇਦਾਰ ਸਾਹਿਬ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 1990 ਦੇ ਉਸ ਕਾਲੇ ਦੌਰ ਅੰਦਰ, ਜਦੋਂ ਪੰਜਾਬ ਦੀ ਜਵਾਨੀ ਨੂੰ ਨਹਿਰਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਬੇਦਰਦੀ ਨਾਲ ਖ਼ਪਾਇਆ ਜਾ ਰਿਹਾ ਸੀ, ਉਦੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਾਨ ਤਲੀ 'ਤੇ ਰੱਖ ਕੇ 25,000 ਲਾਵਾਰਿਸ ਲਾਸ਼ਾਂ ਦਾ ਸੱਚ ਇਕੱਠਾ ਕੀਤਾ ਸੀ। ਉਨ੍ਹਾਂ ਆਖਿਆ ਕਿ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵੱਲੋਂ ਸਮੇਂ-ਸਮੇਂ 'ਤੇ ਪੰਜਾਬ ਪੁਲਿਸ ਦੇ ਦੋਸ਼ੀ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਜ਼ਾਵਾਂ ਖੁਦ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਪੰਜਾਬ ਅੰਦਰ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਸਨ। ਜਦੋਂ ਦੇਸ਼ ਦੀਆਂ ਅਦਾਲਤਾਂ ਖੁਦ ਇਸ ਸੱਚ 'ਤੇ ਮੋਹਰ ਲਗਾ ਰਹੀਆਂ ਹਨ, ਤਾਂ ਫਿਰ ਫ਼ਿਲਮ 'ਤੇ ਪਾਬੰਦੀ ਲਗਾ ਕੇ ਸਰਕਾਰ ਕਿਸ ਗੁਨਾਹਗਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ?
ਕੇਂਦਰ ਸਰਕਾਰ ਨੂੰ ਸਖਤ ਤਾਕੀਦ
ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਕੇਂਦਰ ਸਰਕਾਰ ਨੂੰ ਸਖ਼ਤ ਲਹਿਜੇ ਵਿੱਚ ਤਾਕੀਦ ਕੀਤੀ ਕਿ ਜੁਰਮ ਕਰਨ ਵਾਲਾ ਭਾਵੇਂ ਕਿੰਨਾ ਵੀ ਰਸੂਖ਼ਦਾਰ ਕਿਉਂ ਨਾ ਹੋਵੇ, ਉਸ ਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਹੈ ਤਾਂ ਜੋ ਜਨਤਾ ਦਾ ਕਾਨੂੰਨ ਵਿੱਚ ਵਿਸ਼ਵਾਸ ਬਹਾਲ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹੁਣ ਸਿੱਖਾਂ ਅਤੇ ਪੰਜਾਬ ਪ੍ਰਤੀ ਆਪਣੀ ਪੁਰਾਣੀ, ਨਕਾਰਾਤਮਕ ਅਤੇ ਪੱਖਪਾਤੀ ਪਹੁੰਚ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਦਿਲ ਵੱਡਾ ਕਰੇ ਅਤੇ ਜੂਨ 1984 ਤੋਂ ਬਾਅਦ ਦੇ ਦਹਾਕੇ ਵਿੱਚ ਹੋਏ ਸਿੱਖ ਕਤਲੇਆਮ ਅਤੇ ਨੌਜਵਾਨਾਂ ਦੇ ਘਾਣ ਦੇ ਮਾਮਲਿਆਂ ਵਿੱਚ ਸੰਜੀਦਾ ਤੇ ਸੁਹਿਰਦ ਪਹੁੰਚ ਅਪਣਾ ਕੇ ਪੀੜਤਾਂ ਨੂੰ ਇਨਸਾਫ਼ ਦੇਵੇ, ਤਾਂ ਜੋ ਕੌਮ ਦੇ ਅੱਲ੍ਹੇ ਜ਼ਖ਼ਮਾਂ 'ਤੇ ਮੱਲ੍ਹਮ ਲੱਗ ਸਕੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ 'ਸਤਲੁਜ' ਫ਼ਿਲਮ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸੱਚ ਕਦੇ ਮਰਦਾ ਨਹੀਂ।
ਇਹ ਵੀ ਪੜ੍ਹੋ... ਆਖ਼ਰੀ ਮੁਲਾਕਾਤ: 'ਮੈਂ ਜਸਵੰਤ ਸਿੰਘ ਖਾਲੜਾ ਦੇ ਡਰਾਇੰਗ ਰੂਮ ਵਿੱਚ ਸੀ'
ਇਸ ਮੌਕੇ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਜੀ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਮਰਦ-ਅਗੰਮੜੇ ਨੇ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ, ਤਾਂ ਸਮੇਂ ਦੀਆਂ ਹਾਕਮ ਜਮਾਤਾਂ ਨੇ ਉਸ ਦੀ ਆਵਾਜ਼ ਨੂੰ ਹਮੇਸ਼ਾ ਲਈ ਦਬਾਉਣ ਵਾਸਤੇ ਵਹਿਸ਼ੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਮੁਗਲ ਰਾਜ ਦੇ ਉਸ ਕਾਲੇ ਦੌਰ ਨੂੰ ਯਾਦ ਕਰੋ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ 'ਤੇ ਅਜਿਹੇ ਭਿਆਨਕ ਤਸ਼ੱਦਦ ਕੀਤੇ ਗਏ ਜਿਨ੍ਹਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਜ਼ਾਲਮ ਮੁਗਲ ਹਕੂਮਤ ਵੱਲੋਂ ਬਾਬਾ ਜੀ ਦੇ ਪਿੰਡੇ ਵਿੱਚ ਗਰਮ ਲੋਹੇ ਦੀਆਂ ਲਾਲ-ਸੂਹੀਆਂ ਸੀਖਾਂ (ਜੰਬੂਰਾਂ) ਖੋਭੀਆਂ ਗਈਆਂ, ਉਨ੍ਹਾਂ ਦਾ ਮਾਸ ਨੋਚਿਆ ਗਿਆ, ਪਰ ਉਸ ਮਹਾਨ ਜਰਨੈਲ ਨੇ ਅਕਾਲ ਪੁਰਖ ਦੇ ਭਾਣੇ ਵਿੱਚ ਸਿਦਕ ਨਹੀਂ ਹਾਰਿਆ। ਠੀਕ ਉਸੇ ਤਰ੍ਹਾਂ ਦਾ ਰੂਹ-ਕੰਬਾਊ ਅਤੇ ਵਹਿਸ਼ੀਆਨਾ ਤਸ਼ੱਦਦ ਮਹਾਨ ਸ਼ਹੀਦ, ਭਾਈ ਜਸਵੰਤ ਸਿੰਘ ਖਾਲੜਾ 'ਤੇ ਵੀ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਗਵਾ ਕੀਤਾ ਗਿਆ, ਤਾਂ ਉਨ੍ਹਾਂ ਦੇ ਨਹੁੰ ਪਲਾਸਾਂ ਨਾਲ ਖਿੱਚੇ ਗਏ, ਅੱਖਾਂ ਕੱਢੀਆਂ ਗਈਆਂ ਅਤੇ ਅੰਨ੍ਹਾ ਤਸ਼ੱਦਦ ਕਰਕੇ ਉਨ੍ਹਾਂ ਦੇ ਸਰੀਰ ਨੂੰ ਲੂਹਿਆ ਗਿਆ। ਅੱਜ ਦੀ ਕਹਾਉਣ ਵਾਲੀ 'ਲੋਕਤੰਤਰੀ' ਸਰਕਾਰ ਨੇ ਭਾਈ ਖਾਲੜਾ ਨਾਲ ਉਹੀ ਸਲੂਕ ਕੀਤਾ ਜੋ ਕਦੇ ਮੁਗਲ ਹਾਕਮਾਂ ਨੇ ਸਿੱਖ ਯੋਧਿਆਂ ਨਾਲ ਕੀਤਾ ਸੀ। ਪਰ ਧੰਨ ਸੀ ਉਹ ਗੁਰੂ ਦਾ ਲਾਲ, ਜਿਸ ਨੇ ਹੱਡ-ਭੰਨਵੇਂ ਤਸ਼ੱਦਦ ਅੱਗੇ ਵੀ ਗੋਡੇ ਨਹੀਂ ਟੇਕੇ, ਸਿਰ ਨਹੀਂ ਝੁਕਾਇਆ ਅਤੇ ਅਖੀਰ ਹਰੀਕੇ ਪੱਤਣ ਦੇ ਪਾਣੀਆਂ ਵਿੱਚ ਅਭੇਦ ਹੋ ਕੇ ਅਮਰ ਸ਼ਹਾਦਤ ਪ੍ਰਾਪਤ ਕੀਤੀ।
ਇਸ ਮੌਕੇ ਸਿੰਘ ਸਾਹਿਬ ਨੇ ਤਾਕੀਦ ਕਰਦਿਆਂ ਕਿਹਾ ਕਿ ਕੌਮਾਂ ਕਦੇ ਉਸ ਸਮੇਂ ਖਤਮ ਨਹੀਂ ਹੁੰਦੀਆਂ, ਜਦੋਂ ਉਹ ਸੰਘਰਸ਼ ਕਰਦੀਆਂ ਹਨ, ਬਲਕਿ ਕੌਮਾਂ ਉਦੋਂ ਖਤਮ ਹੁੰਦੀਆਂ ਹਨ ਜਦੋਂ ਉਹ ਸ਼ਹੀਦਾਂ ਨੂੰ ਅਤੇ ਆਪਣੇ ਇਤਿਹਾਸ ਨੂੰ ਭੁਲਾ ਦਿੰਦੀਆਂ ਹਨ। ਇਸ ਲਈ ਅੱਜ ਲੋੜ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਮਨਾਂ 'ਚ ਵਸਾਉਂਦਿਆਂ ਭਾਈ ਜਸਵੰਤ ਸਿੰਘ ਖਾਲੜੇ ਵਰਗੇ ਮਹਾਨ ਸਿੱਖਾਂ ਬਾਰੇ ਪੜ੍ਹਨਾ ਸ਼ੁਰੂ ਕਰੀਏ। ਅੱਜ ਹਰ ਸਿੱਖ ਆਪਣੇ ਇਤਿਹਾਸ ਨਾਲ ਜੁੜੇ ਇਹ ਸਮੇਂ ਦੀ ਵੱਡੀ ਲੋੜ ਹੈ।
- PTC NEWS