Kangana Ranaut ਦੀ ਫਿਲਮ 'Emergency' 'ਤੇ ਇਸ ਰਾਜ 'ਚ ਲੱਗੇਗੀ ਪਾਬੰਦੀ? ਸਿੱਖ ਭਾਈਚਾਰੇ ਦੀ ਮੰਗ 'ਤੇ ਸਰਕਾਰ ਕਰ ਰਹੀ ਵਿਚਾਰ
Emergency may be banned in Telangana : ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਤੋਂ ਪਹਿਲਾਂ ਹੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਪੰਜਾਬ ਵਿੱਚ ਇਸ ਫਿਲਮ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕਾਂਗਰਸ ਸ਼ਾਸਿਤ ਸੂਬੇ 'ਚ ਫਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਉੱਠਣ ਲੱਗੀ ਹੈ। ਕੰਗਨਾ ਰਣੌਤ ਦੀ ਇਹ ਫਿਲਮ 6 ਸਤੰਬਰ ਨੂੰ ਦੇਸ਼ ਭਰ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਪਰ ਹੁਣ ਰਿਲੀਜ਼ ਤੋਂ ਪਹਿਲਾਂ ਤੇਲੰਗਾਨਾ (Telangana Government) 'ਚ ਫਿਲਮ 'ਤੇ ਪਾਬੰਦੀ ਲੱਗਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।
ਹਾਲ ਹੀ 'ਚ ਰਾਜ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸ਼ਬੀਰ ਨੇ ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਫਿਲਮ 'ਤੇ ਪਾਬੰਦੀ ਲਗਾਉਣ ਬਾਰੇ ਫੈਸਲਾ ਲੈ ਸਕਦੀ ਹੈ। ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਫਿਲਮ ਨਿਰਮਾਤਾ ਨੂੰ ਇਸ ਫਿਲਮ ਸਬੰਧੀ ਕਾਨੂੰਨੀ ਨੋਟਿਸ ਭੇਜਿਆ ਸੀ।
ਤੇਲੰਗਾਨਾ ਸਰਕਾਰ ਪਾਬੰਦੀ 'ਤੇ ਵਿਚਾਰ ਕਰ ਸਕਦੀ ਹੈ
ਦਰਅਸਲ ਸਿੱਖ ਸੁਸਾਇਟੀ ਦਾ 18 ਮੈਂਬਰੀ ਵਫ਼ਦ ਇਸ ਫ਼ਿਲਮ ਸਬੰਧੀ ਸੂਬਾ ਸਰਕਾਰ ਦੇ ਸਲਾਹਕਾਰ ਮੁਹੰਮਦ ਅਲੀ ਸ਼ਬੀਰ ਨੂੰ ਮਿਲਿਆ ਸੀ। ਮੀਟਿੰਗ ਦੌਰਾਨ ਫਿਲਮ ਵਿੱਚ ਸਿੱਖ ਕੌਮ ਦੇ ਚਿਤਰਣ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ। ਫਿਲਮ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਫਿਲਮ ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਫਿਲਮ ਵਿੱਚ ਸਿੱਖਾਂ ਨੂੰ ਅੱਤਵਾਦੀ ਅਤੇ ਰਾਸ਼ਟਰ ਵਿਰੋਧੀ ਵਜੋਂ ਦਰਸਾਇਆ ਗਿਆ ਹੈ। ਉਸਨੇ ਅੱਗੇ ਇਸਨੂੰ 'ਅਪਮਾਨਜਨਕ' ਦੱਸਿਆ ਅਤੇ ਆਰੋਪ ਲਗਾਇਆ ਹੈ ਕਿ ਫਿਲਮ 'ਐਮਰਜੈਂਸੀ' ਦੇ ਰਿਲੀਜ਼ ਹੋਣ ਤੋਂ ਬਾਅਦ ਉਨ੍ਹਾਂ ਦੇ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸਰਕਾਰ ਕਾਨੂੰਨੀ ਸਲਾਹ 'ਤੇ ਵਿਚਾਰ ਕਰੇਗੀ
ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਸ਼ਬੀਰ ਨੇ ਮੁੱਖ ਮੰਤਰੀ ਨੂੰ ਤੇਲੰਗਾਨਾ ਵਿੱਚ ਫਿਲਮ 'ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਕਾਨੂੰਨੀ ਸਲਾਹ ਤੋਂ ਬਾਅਦ ਹੀ ਅੰਤਿਮ ਫੈਸਲਾ ਲਿਆ ਜਾਵੇਗਾ।
- PTC NEWS