Salman Khan ਨਾਲ ਕੰਮ ਕਰਨ ਵਾਲਿਆਂ ਨੂੰ ਗੈਂਗ ਦੀ ਧਮਕੀ, ਕਿਹਾ -'ਅਗਲੀ ਵਾਰ ਵਾਰਨਿੰਗ ਨਹੀਂ ਮਿਲੇਗੀ, ਸਿੱਧੀ AK-47 ਚੱਲੇਗੀ'
Kapil Sharma Cafe Firing : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕੈਫੇ (ਕੈਪਸ ਕੈਫੇ) 'ਤੇ ਹਾਲ ਹੀ ਵਿੱਚ ਹੋਈ ਫਾਇਰਿੰਗ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਇੱਕ ਵੱਡਾ ਦਾਅਵਾ ਆਇਆ ਹੈ। ਗੈਂਗ ਦੇ ਮੈਂਬਰ ਹਰੀ ਬਾਕਸਰ ਨੇ ਖੁਦ ਇੱਕ ਆਡੀਓ ਕਲਿੱਪ ਰਾਹੀਂ ਇਸ ਹਮਲੇ ਦੀ ਵਜ੍ਹਾ ਦੱਸੀ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਕਪਿਲ ਸ਼ਰਮਾ ਦੇ ਕੈਫੇ 'ਤੇ ਗੋਲੀਬਾਰੀ ਇਸ ਲਈ ਕੀਤੀ ਗਈ ਕਿਉਂਕਿ ਉਸਨੇ ਸਲਮਾਨ ਖਾਨ ਨੂੰ ਆਪਣੇ ਕੈਫੇ ਦੇ ਉਦਘਾਟਨ ਲਈ ਬੁਲਾਇਆ ਸੀ।
ਦੱਸਣਯੋਗ ਹੈ ਕਿ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਕਪਿਲ ਸ਼ਰਮਾ ਦਾ ਕੈਫੇ 'ਕੈਪਸ ਕੈਫੇ' (Kaps Cafe) 'ਤੇ ਇੱਕ ਮਹੀਨੇ 'ਚ ਦੂਜੀ ਵਾਰ ਫਾਇਰਿੰਗ ਦੀ ਘਟਨਾ ਵਾਪਰੀ ਹੈ। ਆਡੀਓ ਵਿੱਚ ਹਰੀ ਬਾਕਸਰ, ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਦੱਸਿਆ ਜਾਂਦਾ ਹੈ, ਨੂੰ ਸਿੱਧੇ ਤੌਰ 'ਤੇ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ ਕਿ "ਜੋ ਵੀ ਸਲਮਾਨ ਖਾਨ ਨਾਲ ਕੰਮ ਕਰੇਗਾ, ਉਸਦਾ ਇਹੀ ਹਾਲ ਹੋਵੇਗਾ।" ਹਾਲਾਂਕਿ, PTCNews ਇਸ ਆਡੀਓ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਹੈ।
ਗੈਂਗ ਦੀ ਧਮਕੀ- 'ਅਗਲੀ ਵਾਰ ਵਾਰਨਿੰਗ ਨਹੀਂ ਮਿਲੇਗੀ, ਸਿੱਧੀ AK-47 ਚੱਲੇਗੀ'
ਆਡੀਓ ਵਿੱਚ ਹਰੀ ਬਾਕਸਰ ਕਹਿੰਦਾ ਹੈ ਕਿ ਅਗਲੀ ਵਾਰ ਜੋ ਵੀ ਨਿਰਦੇਸ਼ਕ, ਪ੍ਰਡਿਊਸਰਾਂ ਜਾਂ ਐਕਟਰ ਸਲਮਾਨ ਖਾਨ ਨਾਲ ਕੰਮ ਕੰਮ ਕਰੇਗਾ ,ਉਸਨੂੰ ਪਹਿਲਾਂ ਤੋਂ ਕੋਈ ਚੇਤਾਵਨੀ ਨਹੀਂ ਦਿੱਤੀ ਜਾਵੇਗੀ- AK-47 ਨਾਲ ਸਿੱਧੀ ਉਸਦੀ ਛਾਤੀ 'ਤੇ ਫਾਇਰਿੰਗ ਹੋਵੇਗੀ। ਉਸਨੇ ਇਹ ਵੀ ਕਿਹਾ ਕਿ ਇਹ ਮੁੰਬਈ ਦੇ ਛੋਟੇ ਕਲਾਕਾਰਾਂ ਅਤੇ ਪ੍ਰਡਿਊਸਰਾਂ ਲਈ ਇੱਕ ਖੁੱਲ੍ਹੀ ਚੇਤਾਵਨੀ ਹੈ।
ਹਰੀ ਬਾਕਸਰ ਦਾ ਦਾਅਵਾ ਹੈ ਕਿ ਉਹ ਹੁਣ ਮੁੰਬਈ ਦਾ ਮਾਹੌਲ ਖਰਾਬ ਕਰੇਗਾ ਅਤੇ ਜੋ ਵੀ ਸਲਮਾਨ ਨਾਲ ਪੇਸ਼ੇਵਰ ਤੌਰ 'ਤੇ ਜੁੜਿਆ ਹੋਇਆ ਹੈ, ਉਸਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ। ਉਸਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕੋਈ ਸਲਮਾਨ ਖਾਨ ਨਾਲ ਕੰਮ ਕਰਦਾ ਹੈ, ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਖੁਦ ਹੋਵੇਗਾ।
ਕੀ ਹੈ ਪੂਰਾ ਮਾਮਲਾ?
4 ਜੁਲਾਈ ਨੂੰ ਸ਼ੁਰੂ ਹੋਏ ਕਪਿਲ ਸ਼ਰਮਾ ਦੇ ਨਵੇਂ ਕੈਫੇ 'ਕੈਪਸ ਕੈਫੇ' 'ਤੇ ਦੂਜੀ ਵਾਰ ਗੋਲੀਬਾਰੀ ਕੀਤੀ ਗਈ ਹੈ। ਇਹ ਤਾਜ਼ਾ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ, ਜਦੋਂ ਕੈਫੇ ਬੰਦ ਸੀ। ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਪਰ ਇਹ ਸੁਰੱਖਿਆ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਸ ਹਮਲੇ ਤੋਂ ਬਾਅਦ ਮੁੰਬਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਕਪਿਲ ਸ਼ਰਮਾ ਨੂੰ ਸੁਰੱਖਿਆ ਪ੍ਰਦਾਨ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਕਪਿਲ ਤੋਂ ਪੁੱਛਗਿੱਛ ਦੌਰਾਨ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਕੀ ਉਸਨੂੰ ਕਿਸੇ ਕਿਸਮ ਦੀ ਧਮਕੀ ਜਾਂ ਫਿਰੌਤੀ ਦਾ ਕਾਲ ਆਇਆ ਸੀ ਪਰ ਕਪਿਲ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਪਹਿਲਾਂ ਵੀ ਹੋ ਚੁੱਕਾ ਹੈ ਹਮਲਾ
ਜੁਲਾਈ ਦੇ ਮਹੀਨੇ ਵਿੱਚ ਵੀ ਇਸੇ ਕੈਫੇ 'ਤੇ ਹਮਲਾ ਹੋਇਆ ਸੀ। ਉਸ ਸਮੇਂ ਹਮਲਾਵਰ ਦਾ ਨਾਮ ਹਰਜੀਤ ਸਿੰਘ ਵਜੋਂ ਸਾਹਮਣੇ ਆਇਆ ਸੀ, ਜੋ ਕਥਿਤ ਤੌਰ 'ਤੇ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਹੈ। ਉਸਨੇ ਇਹ ਹਮਲਾ ਕਪਿਲ ਸ਼ਰਮਾ ਦੇ ਟੀਵੀ ਸ਼ੋਅ ਵਿੱਚ ਨਿਹੰਗ ਸਿੱਖਾਂ ਦੇ ਪਹਿਰਾਵੇ 'ਤੇ ਕੀਤੀ ਗਈ ਟਿੱਪਣੀ ਦੇ ਵਿਰੋਧ ਵਿੱਚ ਕੀਤਾ ਸੀ। ਉਸਨੇ ਉਸ ਸਮੇਂ ਕੈਫੇ 'ਤੇ 9 ਗੋਲੀਆਂ ਚਲਾਈਆਂ ਸਨ।
- PTC NEWS