Lieutenant Natalya Mangat: ਜਾਣੋ ਕੌਣ ਹਨ ਲੈਫਟੀਨੈਂਟ ਨਤਾਲੀਆ ਮਾਂਗਟ, ਜਿਨ੍ਹਾਂ ਨੇ ਪੰਜਾਬ ਦਾ ਨਾਂ ਕੀਤਾ ਰੋਸ਼ਨ
Lieutenant Natalya Mangat: ਚੇਨਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ 2023 ਆਯੋਜਿਤ ਕੀਤੀ ਗਈ, ਜਿਸ ਵਿੱਚ ਭਾਰਤੀ ਫੌਜ ਨੂੰ ਅਫਸਰਾਂ ਦਾ ਨਵਾਂ ਬੈਚ ਮਿਲਿਆ ਹੈ। ਇਸ ਦੌਰਾਨ ਪਰਿਵਾਰਕ ਪਰੰਪਰਾ ਅਤੇ ਆਪਣੇ ਰਾਸ਼ਟਰ ਪ੍ਰਤੀ ਅਟੁੱਟ ਵਚਨਬੱਧਤਾ ਦੇ ਇੱਕ ਦਿਲ-ਖਿੱਚਵੇਂ ਪ੍ਰਦਰਸ਼ਨ ਵਿੱਚ, ਲੈਫਟੀਨੈਂਟ ਨਤਾਲੀਆ ਮਾਂਗਟ ਨੇ ਆਪਣੇ ਪਰਿਵਾਰ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।
ਦੱਸ ਦਈਏ ਕਿ ਲੈਫਟੀਨੈਂਟ ਨਤਾਲੀਆ ਮਾਂਗਟ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਲੈਫਟੀਨੈਂਟ ਨਤਾਲਿਆ ਮਾਂਗਟ ਦਾ ਫੌਜੀ ਅਫਸਰ ਬਣਨ ਤੱਕ ਦਾ ਸਫਰ ਉਸ ਦੇ ਦੇਸ਼ ਦੀ ਸੇਵਾ ਕਰਨ ਦੇ ਇਰਾਦੇ ਅਤੇ ਜਨੂੰਨ ਦਾ ਪ੍ਰਮਾਣ ਹੈ। ਉਨ੍ਹਾਂ ਦੀ ਪੜ੍ਹਾਈ ਦੀ ਸ਼ੁਰੂਆਤ ਵੱਕਾਰੀ ਲੋਰੇਟੋ ਕਾਨਵੈਂਟ, ਤਾਰਾ ਹਾਲ, ਸ਼ਿਮਲਾ ਤੋਂ ਹੋਈ।
ਸਾਲ 2017 ਵਿੱਚ ਉੱਥੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਿਉਮੈਨੀਟੀ ਸਟਰੀਮ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਦੀ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਲੇਡੀ ਸ਼੍ਰੀ ਰਾਮ ਕਾਲਜ, ਨਵੀਂ ਦਿੱਲੀ ਤੋਂ ਰਾਜਨੀਤੀ ਸ਼ਾਸਤਰ ਆਨਰਜ਼ ਵਿੱਚ ਆਪਣੀ ਡਿਗਰੀ ਹਾਸਲ ਕੀਤੀ।
ਦੱਸਣਯੋਗ ਹੈ ਕਿ ਇੱਕ ਫੌਜੀ ਪਰਿਵਾਰ ਵਿੱਚ ਪੈਦਾ ਹੋਈ, ਨਤਾਲਿਆ ਦੀ ਕਿਸਮਤ ਸ਼ੁਰੂ ਤੋਂ ਹੀ ਮਿਲਟਰੀ ਨਾਲ ਜੁੜੀ ਹੋਈ ਦਿਖਾਈ ਦਿੱਤੀ। ਆਪਣੇ ਪਰਿਵਾਰ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦੀ ਉਨ੍ਹਾਂ ਦੀ ਇੱਛਾ ਉਦੋਂ ਹੀ ਤੇਜ਼ ਹੋ ਗਈ ਜਦੋਂ ਉਨ੍ਹਾਂ ਨੇ ਆਪਣੇ ਵੱਡੇ ਭਰਾ ਨੂੰ ਆਪਣੇ ਪਿਤਾ ਦੀ ਯੂਨਿਟ ਵਿੱਚ ਸ਼ਾਮਲ ਹੁੰਦੇ ਹੋਏ ਦੇਖਿਆ। ਫਰਜ਼ ਅਤੇ ਪਰੰਪਰਾ ਦੀ ਇੱਕ ਮਜ਼ਬੂਤ ਭਾਵਨਾ ਉਨ੍ਹਾਂ ਦੀਆਂ ਰਗਾਂ ਵਿੱਚ ਦੌੜਦੀ ਪ੍ਰਤੀਤ ਹੁੰਦੀ ਦਿਖੀ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਫੌਜ ਵਿੱਚ ਉਸਦੇ ਪਰਿਵਾਰ ਦੀ ਵਿਰਾਸਤ ਕਿਸੇ ਵੀ ਕਮਾਲ ਤੋਂ ਘੱਟ ਨਹੀਂ ਹੈ। ਨਤਾਲਿਆ ਦੇ ਪੜਦਾਦਾ, ਦੇਵਾ ਸਿੰਘ ਨੇ ਫਰਾਂਸ ਅਤੇ ਬੈਲਜੀਅਮ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਸੇਵਾ ਕਰਕੇ ਅਦੁੱਤੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਵਿਰਾਸਤ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਦੇ ਦਾਦਾ ਜੀ ਨੇ ਬਹਾਦਰੀ ਨਾਲ ਗੋਆ ਆਪਰੇਸ਼ਨਾਂ ਵਿੱਚ ਹਿੱਸਾ ਲਿਆ ਅਤੇ ਪਾਕਿਸਤਾਨ ਨਾਲ 1965 ਅਤੇ 1971 ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ।
ਲੈਫਟੀਨੈਂਟ ਨਤਾਲਿਆ ਮਾਂਗਟ ਦੇ ਪਿਤਾ ਵੀ ਇੱਕ ਫੌਜੀ ਅਧਿਕਾਰੀ ਹਨ। ਮੌਜੂਦਾ ਸਮੇਂ ’ਚ ਮਾਂਗਟ ਪਰਿਵਾਰ ਦੇ ਤਿੰਨ ਮੈਂਬਰ ਹਨ ਜੋ ਮਾਣ ਨਾਲ ਫੌਜ ਦੀ ਵਰਦੀ ਪਾ ਰਹੇ ਹਨ, ਆਪਣੇ ਦੇਸ਼ ਦੀ ਸੇਵਾ ਮਾਣ ਅਤੇ ਸਨਮਾਨ ਨਾਲ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਵੱਖ-ਵੱਖ ਵਿਭਾਗਾਂ ਦੇ 249 ਉਮੀਦਵਾਰਾਂ ਨੂੰ ਦਿੱਤੇ ਨਿਯੁਕਤੀ ਪੱਤਰ
- PTC NEWS