MP News : ਅਜ਼ੀਬੋ ਗਰੀਬ ਮਾਮਲਾ ! ਮਹਿਲਾ ਸਰਪੰਚ ਨੇ 20 ਲੱਖ ਰੁਪਏ ਦਾ ਕਰਜ਼ਾ ਚੁਕਾਉਣ ਲਈ ਆਪਣੀ ਹੀ ਪੰਚਾਇਤ ਨੂੰ 'ਲੀਜ਼' 'ਤੇ ਦਿੱਤਾ, ਜਾਂਚ ਤੋਂ ਬਾਅਦ ਬਰਖਾਸਤ
MP News : ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਸਰਪੰਚ ਨੇ 20 ਲੱਖ ਰੁਪਏ ਦਾ ਕਰਜ਼ਾ ਚੁਕਾਉਣ ਲਈ ਆਪਣੀ ਪੰਚਾਇਤ ਨੂੰ ਠੇਕੇ 'ਤੇ ਦੇ ਦਿੱਤਾ। ਇਸ ਲਈ ਮਹਿਲਾ ਸਰਪੰਚ ਅਤੇ ਪੰਚ ਵਿਚਕਾਰ ਇੱਕ ਲਿਖਤੀ ਸਮਝੌਤਾ ਵੀ ਕੀਤਾ ਗਿਆ। ਇਸ ਤੋਂ ਬਾਅਦ ਇਸ ਪੰਚਾਇਤ ਨੂੰ ਨੋਟਰੀ ਦੁਆਰਾ ਪ੍ਰਮਾਣਿਤ ਹਲਫ਼ਨਾਮੇ ਰਾਹੀਂ ਕਿਸੇ ਤੀਜੇ ਵਿਅਕਤੀ ਨੂੰ 'ਸਪੁਰਦ' ਕਰ ਦਿੱਤਾ ਗਿਆ। ਜਿਵੇਂ ਹੀ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਤਾਂ ਪ੍ਰਸ਼ਾਸਨ ਨੇ ਸਰਪੰਚ ਲਕਸ਼ਮੀ ਬਾਈ ਅਤੇ ਪੰਚ ਨੂੰ ਬਰਖਾਸਤ ਕਰ ਦਿੱਤਾ।
ਕਰੋਦ ਗ੍ਰਾਮ ਪੰਚਾਇਤ ਮਹਿਲਾਵਾਂ ਲਈ ਰਾਖਵੀਂ ਸੀ। ਏਥੇ ਚੋਣਾਂ ਤੋਂ ਤੁਰੰਤ ਬਾਅਦ ਹੀ ਗੁੰਡਿਆਂ ਨੇ ਕਬਜ਼ਾ ਜਮਾ ਲਿਆ ਸੀ। ਸ਼ੰਕਰ ਸਿੰਘ ਗੌੜ ਦੀ ਪਤਨੀ ਸਰਪੰਚ ਲਕਸ਼ਮੀਬਾਈ ਨੇ ਚੋਣ ਲੜਨ ਲਈ ਪਿੰਡ ਦੇ ਹੇਮਰਾਜ ਸਿੰਘ ਧਾਕੜ ਤੋਂ 20 ਲੱਖ ਰੁਪਏ ਉਧਾਰ ਲਏ ਸਨ। ਇਸ ਰਕਮ ਦੀ ਗਰੰਟੀ ਪੰਚ ਰਣਵੀਰ ਸਿੰਘ ਕੁਸ਼ਵਾਹਾ ਨੇ ਲਈ ਸੀ। ਸਮਝੌਤੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਚੋਣ ਜਿੱਤਣ ਤੋਂ ਬਾਅਦ ਸਰਪੰਚ ਲਕਸ਼ਮੀਬਾਈ ਨੂੰ ਪੰਚਾਇਤ ਵਿੱਚ ਕੀਤੇ ਗਏ ਵਿਕਾਸ ਕਾਰਜਾਂ 'ਤੇ 5% ਕਮਿਸ਼ਨ ਮਿਲੇਗਾ।
ਵਿਕਾਸ ਕਾਰਜਾਂ ਦੀ ਜ਼ਿੰਮੇਵਾਰੀ ਲਈ ਪੰਚ ਰਣਵੀਰ ਸਿੰਘ ਕੁਸ਼ਵਾਹਾ ਨੂੰ ਸਰਪੰਚ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ। 20 ਲੱਖ ਰੁਪਏ ਦਾ ਚੈੱਕ ਗਾਰੰਟੀ ਵਜੋਂ ਹੇਮਰਾਜ ਸਿੰਘ ਧਾਕੜ ਕੋਲ ਰੱਖਿਆ ਹੋਇਆ ਸੀ। ਸਮਝੌਤੇ ਅਨੁਸਾਰ ਹੇਮਰਾਜ ਸਿੰਘ ਦਾ ਕਰਜ਼ਾ ਪੰਚਾਇਤ ਵਿੱਚ ਸਰਕਾਰੀ ਫੰਡਾਂ ਨਾਲ ਹੋਣ ਵਾਲੇ ਕਾਰਜਾਂ ਤੋਂ ਚੁਕਾਇਆ ਜਾਵੇਗਾ।100 ਰੁਪਏ ਦੇ ਸਟੈਂਪ ਪੇਪਰ 'ਤੇ ਤਿਆਰ ਕੀਤੇ ਗਏ ਇਸ ਸਮਝੌਤੇ 'ਤੇ ਸਰਪੰਚ ਲਕਸ਼ਮੀਬਾਈ, ਉਨ੍ਹਾਂ ਦੇ ਪਤੀ ਸ਼ੰਕਰ , ਪੰਚ ਰਣਵੀਰ ਸਿੰਘ ਕੁਸ਼ਵਾਹਾ ਅਤੇ ਰਵਿੰਦਰ ਸਿੰਘ ਨੇ ਦਸਤਖਤ ਕੀਤੇ ਸਨ। ਇਹ ਸਮਝੌਤਾ 28 ਨਵੰਬਰ 2022 ਨੂੰ ਕੀਤਾ ਗਿਆ ਸੀ।
20 ਲੱਖ ਰੁਪਏ ਦਾ ਕਰਜ਼ਾ ਲੈਣ ਤੋਂ ਬਾਅਦ ਪੰਚਾਇਤ ਨੂੰ ਕਿਸੇ ਤੀਜੇ ਵਿਅਕਤੀ ਕੋਲ ਗਿਰਵੀ ਰੱਖ ਦਿੱਤਾ ਗਿਆ। ਸਰਪੰਚ ਦੀ ਚੈੱਕ ਬੁੱਕ, ਪੰਚਾਇਤ ਦੀ ਮੋਹਰ ਅਤੇ ਹੋਰ ਦਸਤਾਵੇਜ਼ ਵੀ ਕਰਜ਼ਾਦਾਤਾ ਹੇਮਰਾਜ ਸਿੰਘ ਧਾਕੜ ਕੋਲ ਗਿਰਵੀ ਰੱਖੇ ਗਏ ਸਨ। ਇਸ ਮਾਮਲੇ ਨੇ ਸਰਕਾਰੀ ਅਹੁਦੇ ਅਤੇ ਪੈਸੇ ਦੀ ਦੁਰਵਰਤੋਂ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਦਾ ਪਰਦਾਫਾਸ਼ ਕੀਤਾ। ਇਹ ਦਰਸਾਉਂਦਾ ਹੈ ਕਿ ਕਿਵੇਂ ਆਦਿਵਾਸੀ ਅਤੇ ਮਹਿਲਾ ਸਰਪੰਚਾਂ ਦੇ ਅਹੁਦਿਆਂ 'ਤੇ ਪ੍ਰਭਾਵਸ਼ਾਲੀ ਲੋਕਾਂ ਦਾ ਦਬਦਬਾ ਹੈ। ਕਰੋਦ ਗ੍ਰਾਮ ਪੰਚਾਇਤ ਗੁਣਾ ਵਿਧਾਨ ਸਭਾ ਹਲਕੇ ਵਿੱਚ ਪੈਂਦੀ ਹੈ।
ਹਰ ਪੰਚਾਇਤ ਨੂੰ ਆਪਣੇ ਇਲਾਕੇ ਵਿੱਚ ਵਿਕਾਸ ਕਾਰਜ ਕਰਨ ਲਈ ਇੱਕ ਬਜਟ ਮਿਲਦਾ ਹੈ ਅਤੇ ਸਰਪੰਚ ਦਾ ਪੈਸੇ 'ਤੇ ਕੰਟਰੋਲ ਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੋਪਾਲ ਤੋਂ ਲਗਭਗ 220 ਕਿਲੋਮੀਟਰ ਦੂਰ ਗੁਣਾ ਦੇ ਬਾਹਰਵਾਰ ਕਰੋਦ ਪੰਚਾਇਤ ਲਈ ਇਹ ਅਜੀਬੋ ਗਰੀਬ ਨੋਟਰੀ ਕੀਤਾ ਗਿਆ ਸਮਝੌਤਾ 2022 ਵਿੱਚ ਕੀਤਾ ਗਿਆ ਸੀ। ਗੁਣਾ ਦੇ ਸਬ-ਡਿਵੀਜ਼ਨਲ ਮੈਜਿਸਟ੍ਰੇਟ ਦੀ ਜਾਂਚ ਤੋਂ ਬਾਅਦ ਜ਼ਿਲ੍ਹਾ ਪੰਚਾਇਤ ਅਧਿਕਾਰੀਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਰਣਵੀਰ ਸਿੰਘ ਕੁਸ਼ਵਾਹਾ ਨਾਮ ਦੇ ਇੱਕ ਸਥਾਨਕ ਨਿਵਾਸੀ ਵਿਰੁੱਧ ਐਫਆਈਆਰ ਦਰਜ ਕੀਤੀ ਹੈ, ਜਿਸਨੇ ਕਥਿਤ ਤੌਰ 'ਤੇ ਸਰਪੰਚ ਦਾ ਕਰਜ਼ਾ ਚੁਕਾਉਣ ਦਾ ਵਾਅਦਾ ਕਰਕੇ ਪੰਚਾਇਤ ਆਪਣੇ ਕਬਜ਼ੇ 'ਚ ਲੈ ਲਈ ਸੀ ਅਤੇ ਫਿਰ ਇਸਨੂੰ ਕਿਸੇ ਤੀਜੇ ਵਿਅਕਤੀ ਨੂੰ 'ਸੌਂਪ' ਦਿੱਤਾ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ ਇੱਕ ਵਿਸਥਾਰਤ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਸਰਪੰਚ ਅਤੇ ਉਸ ਨਾਲ ਸੌਦੇ ਵਿੱਚ ਸ਼ਾਮਲ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਗਈ। ਗੁਣਾ ਜ਼ਿਲ੍ਹਾ ਪੰਚਾਇਤ ਦੇ ਸੀਈਓ ਅਭਿਸ਼ੇਕ ਦੂਬੇ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਕਿਉਂਕਿ ਪੰਚਾਇਤ ਚੋਣਾਂ 2022 ਵਿੱਚ ਹੋਣੀਆਂ ਸਨ, ਇਸ ਲਈ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਲਕਸ਼ਮੀ ਬਾਈ ਨੇ ਚੋਣਾਂ ਲੜਨ ਲਈ ਕਰਜ਼ਾ ਲਿਆ ਸੀ ਪਰ ਐਫਆਈਆਰ ਵਿੱਚ ਇਸਦਾ ਜ਼ਿਕਰ ਨਹੀਂ ਹੈ। ਦੋਸ਼ਾਂ ਨੂੰ ਨਕਾਰਦੇ ਹੋਏ ਸਰਪੰਚ ਦੇ ਪਤੀ ਸ਼ੰਕਰ ਸਿੰਘ ਨੇ ਦੱਸਿਆ, "ਅਸੀਂ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਹੈ। ਲਕਸ਼ਮੀ ਬਾਈ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।"
- PTC NEWS