AAP ਸਰਪੰਚ ਕਤਲ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ; ਮਾਮਲੇ ਦੇ ਮੁੱਖ ਮੁਲਜ਼ਮ ਸੁਖਰਾਜ ਸਿੰਘ ਗੂੰਗਾ ਦਾ ਐਨਕਾਊਂਟਰ
ਅੰਮ੍ਰਿਤਸਰ ’ਚ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਅਤੇ ਸ਼ੂਟਰ ਦਰਮਿਆਨ ਮੁਠਭੇੜ ਹੋਈ। ਇਸ ਦੌਰਾਨ ਪੁਲਿਸ ਨੇ ਮਾਮਲੇ ਦੇ ਮੁੱਖ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਗੋਲੀਬਾਰੀ ਦੌਰਾਨ ਸ਼ੂਟਰ ਸੁਖਰਾਜ ਗੂੰਗਾ ਦੀ ਗੋਲੀ ਲੱਗਣ ਕਰਕੇ ਮੌਤ ਹੋ ਗਈ। ਉੱਥੇ ਹੀ ਇੱਕ ਪੁਲਿਸ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ।
ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਇੱਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ, ਜਿਨ੍ਹਾਂ ਵਿੱਚ ਦੋ ਮੁੱਖ ਸ਼ੂਟਰ ਵੀ ਸ਼ਾਮਲ ਸਨ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵੇਂ ਮੁੱਖ ਸ਼ੂਟਰਾਂ ਨੂੰ ਛੱਤੀਸਗੜ੍ਹ ਦੇ ਰਾਏਪੁਰ ਤੋਂ ਗ੍ਰਿਫਤਾਰ ਕਰਕੇ ਟਰਾਂਜਿਟ ਰਿਮਾਂਡ ‘ਤੇ ਅੰਮ੍ਰਿਤਸਰ ਲਿਆਂਦਾ ਗਿਆ ਸੀ।
ਮਿਲੀ ਜਾਣਕਾਰੀ ਮੁਤਾਬਿਕ ਮੁੱਖ ਸ਼ੂਟਰ ਸੁਖਰਾਜ ਸਿੰਘ ਗੂੰਗਾ ਨੂੰ ਅੰਮ੍ਰਿਤਸਰ ਦੇ ਜੇਠੂਵਾਲ ਨਹਿਰ ਦੇ ਨੇੜੇ ਹਥਿਆਰ ਦੀ ਰਿਕਵਰੀ ਲਈ ਲਿਆਂਦਾ ਗਿਆ ਸੀ। ਇਸ ਦੌਰਾਨ ਅਚਾਨਕ ਉਸ ਦੇ ਕੁਝ ਸਾਥੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਥੇ ਪਹੁੰਚੇ ਅਤੇ ਸ਼ੂਟਰ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ‘ਤੇ ਗੋਲੀਆਂ ਚਲਾਉਣ ਲੱਗ ਪਏ।
ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ। ਇਸ ਮੁੱਠਭੇੜ ਦੌਰਾਨ ਕੁੱਲ 6 ਗੋਲੀਆਂ ਪੁਲਿਸ ਪਾਰਟੀ ਤੇ ਚਲਾਈਆਂ ਗਈਆਂ, ਜਦਕਿ ਪੁਲਿਸ ਨੇ ਆਪਣੀ ਰੱਖਿਆ ਵਿੱਚ 10 ਰਾਊਂਡ ਫਾਇਰ ਕੀਤੇ। ਇਸੇ ਦੌਰਾਨ ਸ਼ੂਟਰ ਸੁਖਰਾਜ ਸਿੰਘ ਗੂੰਗਾ ਨੇ ਇੱਕ ਪੁਲਿਸ ਕਰਮੀ ਤੋਂ ਪਿਸਤੌਲ ਖੋਹ ਕੇ ਪੁਲਿਸ ‘ਤੇ ਗੋਲੀ ਚਲਾਈ, ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਗੋਲੀ ਲੱਗਣ ਕਾਰਨ ਸ਼ੂਟਰ ਦੀ ਮੌਤ ਹੋ ਗਈ। ਹਾਲਾਂਕਿ ਮੋਟਰਸਾਈਕਲ ‘ਤੇ ਆਏ ਦੋਵੇਂ ਬਦਮਾਸ਼ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਹੇ।
ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਹਿਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਕਤਲ ਪ੍ਰਭ ਦਾਸੁਵਾਲ ਗੈਂਗ ਦੇ ਕਹਿਣ ‘ਤੇ ਕੀਤਾ ਗਿਆ ਸੀ ਅਤੇ ਫੋਨ ਕਾਲਾਂ ਰਾਹੀਂ ਪ੍ਰਭ ਦਾਸੁਵਾਲ ਨਾਲ ਸਰਪੰਚ ਜਰਮਲ ਸਿੰਘ ਦੀ ਕਈ ਵਾਰ ਗੱਲਬਾਤ ਹੋਈ ਸੀ। ਪੁਲਿਸ ਇਸ ਪੂਰੇ ਨੈਟਵਰਕ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ : Sri Muktsar Sahib ਮਾਘੀ ਮੇਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ -ਕਿਸਾਨਾਂ ਲਈ ਕੀਤੇ ਵੱਡੇ ਐਲਾਨ
- PTC NEWS