'ਮਾਂ ਤੁਝੇ ਸਲਾਮ' ਗੀਤ 'ਤੇ ਨੱਚਦਿਆਂ ਸ਼ਖਸ ਦੀ ਹੋਈ ਮੌਤ, ਲੋਕ ਸੀਨ ਸਮਝ ਮਾਰਦੇ ਰਹੇ ਤਾੜੀਆਂ...ਵੇਖੋ ਘਟਨਾ ਦੀ Viral Video
Man dancing on Maa Tujhe Salaam song died : ਮੱਧ ਪ੍ਰਦੇਸ਼ ਦੇ ਇੰਦੌਰ (Indore Tragedy) ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਯੋਗਾ ਕੇਂਦਰ ਵਿੱਚ ਦੇਸ਼ ਭਗਤੀ ਦੇ ਗੀਤ 'ਤੇ ਪੇਸ਼ਕਾਰੀ ਦਿੰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 73 ਸਾਲਾ ਲਵਿੰਦਰ ਸਿੰਘ ਛਾਬੜਾ ਵਜੋਂ ਹੋਈ ਹੈ, ਜੋ ਤਿਰੰਗਾ ਝੰਡਾ ਫੜ ਕੇ 'ਮਾਂ ਤੁਝੇ ਸਲਾਮ' ਗੀਤ 'ਤੇ ਪੇਸ਼ਕਾਰੀ ਦਿੰਦੇ ਸਮੇਂ ਅਚਾਨਕ ਸਟੇਜ 'ਤੇ ਡਿੱਗ ਗਏ।
ਦੁਖਦਾਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲਵਿੰਦਰ ਸਿੰਘ ਉਦੋਂ ਅਚਾਨਕ ਡਿੱਗ ਗਏ, ਜਦੋਂ ਉਹ ਪੇਸ਼ਕਾਰੀ ਦੇ ਰਹੇ ਸਨ। ਪਰ ਇਸ ਗੰਭੀਰ ਘਟਨਾ ਤੋਂ ਅਣਜਾਣ ਲੋਕ ਇਸ ਨੂੰ ਸੀਨ ਸਮਝ ਕੇ ਤਾੜੀਆਂ ਮਾਰਦੇ ਰਹੇ।
ਇਹ ਘਟਨਾ ਸ਼ਹਿਰ ਦੇ ਫੁੱਟੀ ਕੋਠੀ ਇਲਾਕੇ ਵਿੱਚ ਸਥਿਤ ਆਸਥਾ ਯੋਗ ਕ੍ਰਾਂਤੀ ਕੇਂਦਰ ਵਿੱਚ ਵਾਪਰੀ। ਕੇਂਦਰ ਵਿੱਚ ਕਰਵਾਏ ਗਏ ਦੇਸ਼ ਭਗਤੀ ਸਮਾਗਮ ਦੌਰਾਨ ਲਵਿੰਦਰ ਸਿੰਘ ਛਾਬੜਾ ਹੱਥ ਵਿੱਚ ਭਾਰਤੀ ਝੰਡਾ ਲੈ ਕੇ ਜੋਸ਼ ਨਾਲ ਪੇਸ਼ਕਾਰੀ ਦਿੰਦੇ ਹੋਏ ਅਚਾਨਕ ਜ਼ਮੀਨ ’ਤੇ ਡਿੱਗ ਗਏ। ਦਰਸ਼ਕਾਂ ਦੀਆਂ ਤਾੜੀਆਂ ਜਾਰੀ ਰਹੀਆਂ ਕਿਉਂਕਿ ਉਨ੍ਹਾਂ ਨੇ ਉਸ ਦੇ ਡਿੱਗਣ ਨੂੰ ਪੇਸ਼ਕਾਰੀ ਦਾ ਹਿੱਸਾ ਸਮਝ ਲਿਆ।
ਉਪਰੰਤ ਜਦੋਂ ਉਹ ਨਾ ਉਠੇ ਤਾਂ ਆਸਥਾ ਯੋਗ ਕ੍ਰਾਂਤੀ ਦੇ ਮੈਂਬਰਾਂ ਨੇ ਤੁਰੰਤ ਲਵਿੰਦਰ ਸਿੰਘ ਛਾਬੜਾ ਨੂੰ ਹਸਪਤਾਲ ਪਹੁੰਚਾਇਆ। ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਡਾਕਟਰੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਠੋਸ ਸਿੱਟਾ ਕੱਢਿਆ ਜਾ ਸਕੇਗਾ।
- PTC NEWS