Mansa News : ਨੌਜਵਾਨ ਨੇ ਲਾਈਵ ਵੀਡੀਓ ਬਣਾ ਕੇ ਰੇਲ ਗੱਡੀ ਹੇਠਾਂ ਆ ਕੇ ਗੁਵਾਈ ਜਾਨ, ਪੰਚਾਇਤ 'ਚ ਆਪਣੇ ਪਿਤਾ ਦੀ ਬੇਇੱਜ਼ਤੀ ਤੋਂ ਸੀ ਪ੍ਰੇਸ਼ਾਨ
Mansa News : ਮਾਨਸਾ ਜ਼ਿਲ੍ਹੇ ਦੇ ਬਰਨਾਲਾ ਪਿੰਡ ਦੇ ਇੱਕ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਨਸ਼ੇ ਦੇ ਆਦੀ 23 ਸਾਲਾ ਸਤਪਾਲ ਸਿੰਘ ਨੇ ਦਿੱਲੀ-ਫਿਰੋਜ਼ਪੁਰ ਰੇਲਵੇ ਲਾਈਨ 'ਤੇ ਮਾਲ ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇੱਕ ਲਾਈਵ ਵੀਡੀਓ ਵੀ ਬਣਾਈ, ਜਿਸ ਵਿੱਚ ਉਸਨੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ 'ਤੇ ਗੰਭੀਰ ਆਰੋਪ ਲਗਾਏ।
ਮ੍ਰਿਤਕ ਨੌਜਵਾਨ ਦੇ ਪਿਤਾ ਜਗਤਾਰ ਸਿੰਘ ਅਤੇ ਭਰਾ ਅੰਮ੍ਰਿਤ ਪਾਲ ਸਿੰਘ ਨੇ ਆਰੋਪ ਲਾਇਆ ਕਿ ਉਨਾਂ ਦਾ ਲੜਕਾ ਨਸ਼ਾ ਕਰਨ ਦਾ ਆਦੀ ਸੀ ਪਰ ਬੀਤੇ ਦਿਨ ਉਹ ਪਿੰਡ ਦੇ ਹੀ ਇੱਕ ਨੌਜਵਾਨ ਦੇ ਨਾਲ ਮਿਲ ਕੇ ਨਸ਼ਾ ਕਰ ਰਿਹਾ ਸੀ ਅਤੇ ਪਿੰਡ ਦੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ ਵੱਲੋਂ ਪੰਚਾਇਤ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ। ਉਹਨਾਂ ਦੱਸਿਆ ਕਿ ਅਸੀਂ ਪੰਚਾਇਤ ਵਿੱਚ ਇਹ ਵੀ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਉਹ ਨਸ਼ਾ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਪਿੰਡ ਦੇ ਨੌਜਵਾਨ ਨਾਲ ਰਲੇਗਾ ਪਰ ਫਿਰ ਵੀ ਉਹਨਾਂ ਨੂੰ ਵਾਰ -ਵਾਰ ਪੰਚਾਇਤ ਦੇ ਵਿੱਚ ਬੁਲਾ ਕੇ ਬੇਇੱਜਤ ਕੀਤਾ ਗਿਆ।
ਜਿਸ ਕਾਰਨ ਸਤਪਾਲ ਸਿੰਘ ਨੇ ਆਪਣੇ ਪਿਤਾ ਦੀ ਬੇਇਜਤੀ ਨਾ ਸਹਾਰਦੇ ਹੋਏ ਰੇਲ ਗੱਡੀ ਹੇਠ ਆ ਕੇ ਉਸਨੇ ਖੁਦਕੁਸ਼ੀ ਕਰ ਲਈ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ ਵੱਲੋਂ ਉਸ ਨੂੰ ਵਾਰ -ਵਾਰ ਪ੍ਰੇਸ਼ਾਨ ਕੀਤਾ ਗਿਆ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕੀਤੀ ਹੈ। ਉਹਨਾਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਨੇ ਵੀ ਆਪਣੇ ਪੁੱਤਰ ਦੇ ਇਨਸਾਫ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਦੀ ਇਸ ਬੇਇੱਜ਼ਤੀ ਤੋਂ ਦੁਖੀ ਹੋ ਕੇ ਸਤਪਾਲ ਮਾਨਸਿਕ ਤੌਰ 'ਤੇ ਟੁੱਟ ਗਿਆ ਸੀ।
ਸਤਪਾਲ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਲਾਈਵ ਵੀਡੀਓ ਬਣਾਉਂਦੇ ਹੋਏ ਬਲਕਾਰ ਸਿੰਘ ਰਾਜੂ ਦਾ ਨਾਮ ਲਿਆ ਅਤੇ ਕਿਹਾ ਕਿ ਉਹ ਆਪਣੇ ਪਿਤਾ ਦੀ ਬੇਇੱਜ਼ਤੀ ਕਾਰਨ ਇਹ ਕਦਮ ਚੁੱਕ ਰਿਹਾ ਹੈ। ਇਸ ਤੋਂ ਬਾਅਦ ਉਸਨੇ ਚਲਦੀ ਮਾਲ ਗੱਡੀ ਅੱਗੇ ਛਾਲ ਮਾਰ ਦਿੱਤੀ। ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਪੰਚਾਇਤ ਮੈਂਬਰ ਬਲਕਾਰ ਸਿੰਘ ਰਾਜੂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਸਤਪਾਲ ਵੱਲੋਂ ਬਣਾਈ ਗਈ ਵੀਡੀਓ ਨੂੰ ਵੀ ਸਬੂਤ ਵਜੋਂ ਲਿਆ ਗਿਆ ਹੈ।
- PTC NEWS