Bikram Singh Majithia : ਵਿਧਾਇਕਾ ਗਨੀਵ ਕੌਰ ਨੇ ਜੇਲ੍ਹ 'ਚ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ
Bikram Singh Majithia : ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਵਲੋਂ ਅੱਜ ਨਾਭਾ ਦੀ ਨਵੀਂ ਜ਼ਿਲ੍ਹਾਂ ਜੇਲ੍ਹ ਵਿਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ। ਅੱਧੇ ਘੰਟੇ ਦੀ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਮਜੀਠੀਆ ਨੂੰ ਜੇਲ੍ਹ ਅੰਦਰ ਜ਼ਰਾ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਿੱਧੀ ਸਿੱਧੀ ਡੀ.ਜੀ.ਪੀ. ਪੰਜਾਬ, ਏ.ਡੀ.ਜੀ.ਪੀ. ਜੇਲ੍ਹਾਂ ਅਤੇ ਜੇਲ੍ਹ ਸੁਪਰਡੈਂਟ ਦੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਕਾਫੀ ਸਮਾਂ ਆਪਣੇ ਪਿਤਾ ਨੂੰ ਵੇਖੇ ਨੂੰ ਹੋਇਆ ਹੈ। ਇਸ ਕਾਰਨ ਉਹ ਇਥੇ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਸਰਕਾਰ ਉਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਨੇ ਕਿ ਉਨ੍ਹਾਂ ਨੂੰ ਮਾਨਯੋਗ ਅਦਾਲਤ ਉਤੇ ਪੂਰਾ ਭਰੋਸਾ ਹੈ ਤੇ ਮਜੀਠੀਆ ਸਾਹਿਬ ਜਲਦੀ ਜੇਲ੍ਹ ਤੋਂ ਬਾਹਰ ਆਉਣਗੇ। ਉਨ੍ਹਾਂ ਨੇ ਅਦਾਲਤਾਂ ਉਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਮਜੀਠੀਆ ਬਿਲਕੁਲ ਤੰਦਰੁਸਤ ਅਤੇ ਸੁਰੱਖਿਅਤ ਹਨ।
ਗਨੀਵ ਕੌਰ ਮਜੀਠੀਆ ਨੇ ਪੰਜਾਬ ਸਰਕਾਰ ’ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਮਜੀਠੀਆ ਪਰਿਵਾਰ ਜਾਂ ਬਾਦਲ ਪਰਿਵਾਰ ਦੀ ਗੱਲ ਤਾਂ ਛੱਡੋ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਦੇ ਲੋਕਾਂ ਦੀ ਵੀ ਫਿਕਰ ਨਹੀਂ ਹੈ, ਕਿਉਂ ਜੋ ਪੰਜਾਬ ਅੰਦਰ ਹਰ ਰੋਜ਼ ਗੋਲੀਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਅੱਜ ਜੋ ਜੇਲ੍ਹ ਪ੍ਰਸ਼ਾਸਨ ਵਲੋਂ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਵਾਈ ਗਈ ਹੈ, ਉਹ ਵੀ ਕੈਮਰੇ ਦੀ ਨਿਗਰਾਨੀ ਵਿਚ ਹੋਈ ਹੈ, ਜੋ ਕਿ ਬਹੁਤ ਗਲਤ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਦਮਨਬੀਰ ਸਿੰਘ ਸੋਫਤੀ ਵੀ ਮੌਜੂਦ ਸਨ।
ਉਹਨਾਂ ਇਹ ਵੀ ਆਰੋਪ ਲਗਾਇਆ ਕਿ ਮਜੀਠੀਆ ਦੀ ਬੈਰਕ ਦੇ ਬਾਹਰ ਲਗਾਏ ਗਏ ਕੈਮਰਿਆਂ ਦੀ ਨਿਗਰਾਨੀ ਅਰਵਿੰਦ ਕੇਜਰੀਵਾਲ ਦੀ ਟੀਮ ਅਤੇ ਭਗਵੰਤ ਮਾਨ ਦੀ ਟੀਮ ਕਰ ਰਹੀ ਹੈ, ਜੋ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਵੀ ਸਵਾਲ ਖੜੇ ਕੀਤੇ ਕਿ ਬਿਕਰਮ ਮਜੀਠੀਆ ਨੂੰ ਜੇਲ ਦੇ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ, ਜਦਕਿ ਧਮਕੀ ਵੀ ਉਹਨਾਂ ਨੂੰ ਹੀ ਆਈ ਹੈ।
ਦੱਸਣਯੋਗ ਹੈ ਕਿ ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਹਾਈਕੋਰਟ ਵਿਚ ਇਕ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਮਜੀਠੀਆ ਨੂੰ ਖਤਰਾ ਹੈ। ਸੂਤਰਾਂ ਅਨੁਸਾਰ ਇੱਕ ਕੇਂਦਰੀ ਏਜੰਸੀ ਤੋਂ ਮਿਲੀ ਗੁਪਤ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਸ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ (ਇੰਟੈਲੀਜੈਂਸ) ਨੇ ਇੱਕ ਅਹਿਮ ਈ-ਮੇਲ ਜਾਰੀ ਕੀਤੀ ਹੈ। ਇਸ ਰਿਪੋਰਟ ਵਿੱਚ ਖੁਲਾਸਾ ਹੋਇਆ ਕਿ ਪਾਕਿਸਤਾਨ ਅਧਾਰਿਤ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਦੱਸ ਦੇਈਏ ਕਿ ਮਜੀਠੀਆ ਇਸ ਵੇਲੇ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹਨ।
- PTC NEWS