Moga News : ਤੇਜ਼ ਰਫਤਾਰ ਦਾ ਕਹਿਰ, ਕਾਰ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਤੇ ਦੋ ਬੱਚਿਆਂ ਦੀ ਮੌਤ
Bike Accident In Moga : ਮੋਗਾ 'ਚ ਤੇਜ਼ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ, ਜਿਥੇ ਇੱਕ ਤੇਜ਼ ਰਫਤਾਰ ਕਾਰ ਨੇ 4 ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਛੋਟੇ ਬੱਚੇ ਸ਼ਾਮਲ ਸਨ। ਹਾਦਸੇ ਦੀ ਭਿਆਨਕਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਰਿਹਾ ਹੈ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਚਾਲਕ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਬਾਘਾਪੁਰਾਣਾ ਤੋਂ ਪਿੰਡ ਜੈਮਲਵਾਲਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਮੁਦੱਕੀ ਰੋਡ 'ਤੇ ਪਿੰਡ ਲੰਗੇਆਣਾ ਨੇੜੇ ਪਹੁੰਚੇ ਤਾਂ ਅਚਾਨਕ ਆਈ ਇੱਕ ਤੇਜ਼ ਰਫਤਾਰ ਬਰੀਜ਼ਾ ਕਾਰਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਨਤੀਜੇ ਵੱਜੋਂ ਮੋਟਰਸਾਈਕਲ ਸਵਾਰ ਪਤੀ-ਪਤਨੀ ਅਤੇ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਇੱਕ ਪਾਸੇ ਝਾੜੀਆਂ 'ਚ ਜਾ ਡਿੱਗਿਆ, ਜੋ ਕਿ ਝੁਲਸ ਰਿਹਾ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਕਾਰ ਵੀ ਦੂਜੇ ਪਾਸੇ ਚਲੀ ਗਈ, ਜਿਸ ਦੀਆਂ ਚਾਰੇ ਤਾਕੀਆਂ ਖੁੱਲ੍ਹੀਆਂ ਹੋਈਆਂ ਸਨ ਅਤੇ ਏਅਰ ਬੈੱਗ ਖੁੱਲਿਆ ਹੋਇਆ ਸੀ।
ਹਾਦਸੇ 'ਚ ਮ੍ਰਿਤਕਾਂ ਦੀ ਪਛਾਣ ਨੌਜਵਾਨ ਧਰਮਪ੍ਰੀਤ ਸਿੰਘ, ਕੁਲਦੀਪ ਕੌਰ, ਜਦਕਿ ਦੋ ਬੱਚਿਆਂ 'ਚ ਇੱਕ 3 ਮਹੀਨੇ ਦਾ ਵਿਸ਼ਾਲ ਅਤੇ ਦੂਜਾ ਅਭਿਜੋਤ ਸਿੰਘ 4 ਸਾਲ ਦਾ ਸੀ।
ਮੌਕੇ 'ਤੇ ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਕਾਰ ਨੇ ਪਿੱਛੋਂ ਮੋਟਰਸਾਈਕਲ ਨੂੰ ਟੱਕਰ ਮਾਰੀ, ਕਿਉਂਕਿ ਕਾਰ ਡਰਾਈਵਰ ਪੂਰੀ ਤਰ੍ਹਾਂ ਨਸ਼ੇ ਵਿੱਚ ਟੱਲੀ ਸੀ। ਉਨ੍ਹਾਂ ਕਿਹਾ ਕਿ ਕਾਰ ਵਿਚੋਂ ਮੌਕੇ 'ਤੇ ਦੋ ਪੇਟੀਆਂ ਸ਼ਰਾਬ ਵੀ ਮਿਲੀ ਹੈ।
ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਵੀ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਵਾਹਨ ਬਾਘਾਪੁਰਾਣਾ ਤੋਂ ਆ ਰਹੇ ਸਨ। ਅੱਗੇ ਮੋਟਰਸਾਈਕਲ ਅਤੇ ਪਿੱਛੇ ਕਾਰ ਸੀ। ਉਨ੍ਹਾਂ ਦੱਸਿਆ ਕਿ ਕਾਰ ਤੇਜ਼ ਰਫਤਾਰ ਸੀ, ਜਿਸ ਕਾਰਨ ਚਾਲਕ ਤੋਂ ਕਾਬੂ 'ਚ ਨਹੀਂ ਰਹੀ ਅਤੇ ਇਹ ਹਾਦਸਾ ਵਾਪਰਿਆ। ਫਿਲਹਾਲ ਉਹ ਜਾਂਚ ਕਰ ਰਹੇ ਹਨ।
- PTC NEWS