AAP Moga Rally : 'ਆਪ' ਦੀ 'ਖੁਸ਼ਹਾਲ' ਰੈਲੀ ਤੋਂ ਪਹਿਲਾਂ ਧਮਾਕਾ ! ਕੌਫੀ ਵਾਲੀ ਮਸ਼ੀਨ ਫਟਣ ਕਾਰਨ ਇੱਕ ਵਿਅਕਤੀ ਦੀ ਮੌਤ
AAP Moga Rally : ਆਮ ਆਦਮੀ ਪਾਰਟੀ ਦੀ ਮੋਗਾ ਵਿੱਚ ਰੈਲੀ ਤੋਂ ਪਹਿਲਾਂ ਉਸ ਸਮੇਂ ਵੱਡੀ ਘਟਨਾ ਵਾਪਰ ਗਈ, ਜਦੋਂ ਇੱਕ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਇੱਕ ਕੌਫੀ ਵਾਲੀ ਮਸ਼ੀਨ ਵਿੱਚ ਹੋਇਆ, ਜਿਸ ਕਾਰਨ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ।
ਜਾਣਕਾਰੀ ਅਨੁਸਾਰ, ਪਿੰਡ ਨੱਥੂਆਣਾ ਵਿਖੇ ਰੈਲੀ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਖੁਸ਼ਹਾਲ ਰੈਲੀ ਕੀਤੀ ਜਾਣੀ ਹੈ, ਜਿਥੇ ਟੈਂਟ ਆਦਿ ਲਗਾਇਆ ਗਿਆ। ਇਥੇ ਸਥਾਪਤ ਕੀਤੇ ਗਏ ਆਰਜੀ ਮੀਡੀਆ ਫੂਡ ਸੈਂਟਰ 'ਚ ਇੱਕ ਕੌਫੀ ਵਾਲੀ ਮਸ਼ੀਨ ਲਗਾਈ ਹੋਈ ਸੀ, ਜਿਸ ਵਿੱਚ ਅਚਾਨਕ ਧਮਾਕਾ ਹੋ ਗਿਆ।
ਮ੍ਰਿਤਕ ਬਾਰੇ ਆਮ ਆਦਮੀ ਪਾਰਟੀ ਦੇ ਵਰਕਰ ਹੋਣ ਬਾਰੇ ਦੱਸਿਆ ਜਾ ਰਿਹਾ ਹੈ, ਕਿ ਜਦੋਂ ਉਹ ਮਸ਼ੀਨ 'ਤੇ ਕੌਫੀ ਬਣਾ ਰਿਹਾ ਸੀ ਤਾਂ ਮਸ਼ੀਨ ਅਚਾਨਕ ਫਟੀ ਅਤੇ ਮਸ਼ੀਨ ਦਾ ਇੱਕ ਵੱਡਾ ਟੁਕੜਾ ਉਸ ਦੇ ਸਿਰ ਵਿੱਚ ਜਾ ਵੱਜਿਆ।
ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿੱਚ ਪ੍ਰੈਸ਼ਰ ਵਧਣ ਕਾਰਨ ਘਟਨਾ ਵਾਪਰੀ ਹੈ, ਜਿਸ ਕਾਰਨ ਆਸ ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪੰਜਾਬ ਭਰ ਵਿਚੋਂ ਇੱਕ ਲੱਖ ਲੋਕਾਂ ਨੂੰ ਜੁਟਾਉਣ ਦੀ ਕੋਸ਼ਿਸ਼
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਮੋਗਾ ਵਿੱਚ ਸਮਾਰਟ ਰਾਸ਼ਨ ਕਾਰਡ ਵੰਡਣ ਲਈ ਇੱਕ ਵੱਡੇ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ। ਇਸ ਸਮਾਗਮ ਰਾਹੀਂ ਆਮ ਆਦਮੀ ਪਾਰਟੀ ਵੱਲੋਂ ਆਗਾਮੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੀ ਪੂਰੀ ਕੈਬਨਿਟ, ਵਿਧਾਇਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ...Moga : ਲਾਪਤਾ ਰਮਨਦੀਪ ਕੌਰ ਦਾ 13 ਦਿਨ ਬਾਅਦ ਵੀ ਨਹੀਂ ਕੋਈ ਸੁਰਾਗ਼ ! ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ, ਰੱਖਿਆ ਇਨਾਮ
Egypt Oil Tanker Blast Video : ਮਿਸਰ 'ਚ ਤੇਲ ਟੈਂਕਰ ਧਮਾਕੇ, ਜਿਊਂਦਾ ਸੜੇ 31 ਲੋਕ, 21 ਤੋਂ ਵੱਧ ਜ਼ਖ਼ਮੀ
- PTC NEWS