Sangrur 'ਚ ਬੱਸ 'ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹੇ ਠੇਕਾ ਮੁਲਾਜ਼ਮ ਨੇ ਖ਼ੁਦ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼ ,ਇੱਕ ਪੁਲਿਸ ਮੁਲਾਜ਼ਮ ਝੁਲਸਿਆ
PRTC Contract Worker Protest : PRTC ,ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਅੱਜ (28 ਨਵੰਬਰ) ਹੜਤਾਲ 'ਤੇ ਹਨ। ਸੂਬੇ ਭਰ ਵਿੱਚ ਹਫੜਾ-ਦਫੜੀ ਮਚ ਗਈ ਹੈ। ਸੰਗਰੂਰ ਵਿੱਚ ਇੱਕ ਕਰਮਚਾਰੀ ਨੇ ਆਪਣੇ ਆਪ 'ਤੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਪੁਲਿਸ ਮੁਲਾਜ਼ਮ ਝੁਲਸ ਗਿਆ ਹੈ।
ਪੈਟਰੋਲ ਦੀਆਂ ਬੋਤਲਾਂ ਲੈ ਕੇ ਬੱਸ 'ਤੇ ਚੜੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਜਦੋਂ ਉਤਾਰਿਆ ਜਾ ਰਿਹਾ ਸੀ ਤਾਂ ਉਸ ਟਾਈਮ ਬੋਤਲਾਂ 'ਚੋਂ ਤੇਲ ਆਪਣੇ ਉੱਤੇ ਪਾਉਂਦੇ ਪਾਉਂਦੇ ਅੱਗ ਲੱਗ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਮੌਕੇ 'ਤੇ ਪੁਲਿਸ ਮੁਲਾਜ਼ਮਾਂ ਦੀ ਫੁਰਤੀ ਨਾਲ ਮੁਲਾਜ਼ਮ ਦੀ ਅੱਗ ਨੂੰ ਬੁਝਾਇਆ ਗਿਆ।
ਲੁਧਿਆਣਾ ਵਿੱਚ ਇੱਕ ਰੋਡਵੇਜ਼ ਕਰਮਚਾਰੀ ਬੱਸ ਸਟੈਂਡ 'ਤੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ। ਜਦੋਂ ਉਸਨੂੰ ਹੇਠਾਂ ਉਤਰਨ ਲਈ ਕਿਹਾ ਗਿਆ ਤਾਂ ਉਸਨੇ ਕਿਹਾ, "ਪੰਜਾਬ ਸਰਕਾਰ ਦੇ ਮਾਰਨ ਨਾਲੋਂ ਤਾਂ ਚੰਗਾ ਹੈ ,ਇਸ ਤਰ੍ਹਾਂ ਮਰ ਜਾਵਾਂ। ਉਸਨੇ ਪੰਜਾਬ ਸਰਕਾਰ ਮੁਰਦਾਬਾਦ" ਵਰਗੇ ਨਾਅਰੇ ਲਗਾਏ। ਓਥੇ ਹੀ ਮਾਨਸਾ ਦੇ ਬੁਢਲਾਡਾ ਵਿੱਚ ਤਿੰਨ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਨਾਲ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਕਿਲੋਮੀਟਰ ਸਕੀਮ ਟੈਂਡਰ 'ਤੇ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਤਾਂ ਉਹ ਖੁਦ ਨੂੰ ਅੱਗ ਲਗਾ ਲੈਣਗੇ।
ਪਟਿਆਲਾ ਵਿੱਚ ਪੁਲਿਸ ਅਤੇ ਰੋਡਵੇਜ਼ ਕਰਮਚਾਰੀਆਂ ਵਿਚਕਾਰ ਝੜਪ ਹੋਈ ਹੈ। ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਜਲੰਧਰ ਵਿੱਚ ਕਰਮਚਾਰੀਆਂ ਨੇ ਬੱਸ ਸਟੈਂਡ ਬੰਦ ਕਰ ਦਿੱਤਾ ਹੈ, ਪ੍ਰਾਈਵੇਟ ਬੱਸਾਂ ਦੀ ਐਂਟਰੀ ਨੂੰ ਰੋਕ ਦਿੱਤਾ ਹੈ।
ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨਛੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਕਿਲੋਮੀਟਰ ਸਕੀਮ ਅਧੀਨ ਬੱਸਾਂ ਦੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਹ ਪਿਛਲੇ ਦੋ ਮਹੀਨਿਆਂ ਵਿੱਚ ਉਨ੍ਹਾਂ ਦਾ ਤੀਜਾ ਵਿਰੋਧ ਹੈ। ਜਦੋਂ ਵੀ ਉਹ ਵਿਰੋਧ ਕਰਦੇ ਹਨ, ਸਰਕਾਰ ਟੈਂਡਰ ਦੀ ਮਿਤੀ ਵਧਾ ਦਿੰਦੀ ਹੈ ਅਤੇ ਟੈਂਡਰ ਰੱਦ ਨਹੀਂ ਕਰਦੀ।
- PTC NEWS