Singer Gulab Sidhu ’ਤੇ ਹਮਲੇ ਦੀ ਯੋਜਨਾ ਬਣਾ ਰਹੇ 3 ਵਿਅਕਤੀ ਕਾਬੂ, ਪਿੰਡ ਕੋਟਦੁਨਾ ਦਾ ਮੌਜੂਦਾ ਸਰਪੰਚ ਹੈ ਸਾਜ਼ਿਸ਼ਕਰਤਾ
Punjabi Singer Gulab Sidhu News : ਬਰਨਾਲਾ ਪੁਲਿਸ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ‘ਤੇ ਹੋਣ ਵਾਲੇ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰਦਿਆਂ ਇੱਕ ਗਿਰੋਹ ਦੇ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਕੀਤਾ ਹੈ, ਜੋ ਕਿ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਅਤੇ ਫਿਰੌਤੀ ਮੰਗਣ ਦੀ ਯੋਜਨਾ ਬਣਾ ਰਹੇ ਸਨ। ਇਸ ਗਿਰੋਹ ’ਚ ਮੁੱਖ ਸਾਜ਼ਿਸ਼ਕਰਤਾ ਪਿੰਡ ਕੋਟਦੁਨਾ ਦਾ ਮੌਜੂਦਾ ਸਰਪੰਚ ਹੈ। ਆਰੋਪੀਆਂ ਕੋਲੋਂ ਨਾਜਾਇਜ਼ ਹਥਿਆਰਾਂ, ਜ਼ਿੰਦਾ ਕਾਰਤੂਸ , ਮੋਬਾਈਲ ਫੋਨ, ਇੱਕ ਸਵਿਫਟ ਕਾਰ ਅਤੇ ਹੋਰ ਸਮਾਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਜ਼ਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੰਜਾਬ ਦੇ ਨਾਮੀ ਗਾਇਕ ਗੁਲਾਬ ਸਿੱਧੂ ਨੂੰ ਕਿਸੇ ਮੈਰਿਜ ਫੰਕਸ਼ਨ ਵਿੱਚ ਇੱਕ ਬਰਨਾਲਾ ਦੇ ਗੈਂਗ ਵੱਲੋਂ ਅਟੈਕ ਕਰਨ ਅਤੇ ਫਿਰੌਤੀ ਦੀ ਮੰਗ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਵੱਡੀ ਘਟਨਾ ਤੋਂ ਪਹਿਲਾਂ ਹੀ ਇਸ ਗੈਂਗ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਨੇ ਦੱਸਿਆ ਕਿ ਗੁਲਾਬ ਸਿੱਧੂ ਨੂੰ ਜਾਨੀ ਨੁਕਸਾਨ ਅਤੇ ਉਸ ਤੋਂ ਫਿਰੋਤੀ ਮੰਗਣ ਵਾਲੇ ਇੱਕ ਤਿੰਨ ਮੈਂਬਰੀ ਗੈਂਗ ਨੂੰ ਅਸਲੇ ਸਣੇ ਕਾਬੂ ਕੀਤਾ ਗਿਆ ਹੈ। ਇਹ ਤਿੰਨ ਮੈਂਬਰੀ ਗੈਂਗ ਬਰਨਾਲਾ ਦੇ ਪਿੰਡ ਕੋਟਦੁਨਾ ਨਾਲ ਸੰਬੰਧਿਤ ਹੈ, ਜਿਨ੍ਹਾਂ ਵਿੱਚ ਗੈਂਗ ਦਾ ਇੱਕ ਮੈਂਬਰ ਪਿੰਡ ਕੋਟਦੁਨੇ ਦਾ ਮੌਜੂਦਾ ਸਰਪੰਚ ਵੀ ਹੈ।
ਪੁਲਿਸ ਨੇ ਉਨ੍ਹਾਂ ਵਿਰੁੱਧ ਥਾਣਾ ਸਿਟੀ 2, ਬਰਨਾਲਾ ਵਿਖੇ ਬੀਐਨਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਬਲਜਿੰਦਰ ਸਿੰਘ ਉਰਫ਼ ਕਿੰਦਾ, ਬਲਵਿੰਦਰ ਸਿੰਘ ਉਰਫ਼ ਬਿੰਦਰ ਮਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਲ ਵਾਸੀ ਕੋਟਦੁਨਾ ਨੂੰ 32 ਬੋਰ ਦੀ ਦੇਸੀ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ, ਇੱਕ ਡਮੀ ਪਿਸਤੌਲ, ਚਾਰ ਮੋਬਾਈਲ ਫੋਨ, ਇੱਕ ਸੋਟੀ ਅਤੇ ਇੱਕ ਚਿੱਟੀ ਸਵਿਫਟ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਗਾਇਕ ਗੁਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਸਨ ਕਿਉਂਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਵੱਲੋਂ ਸਰਪੰਚਾਂ ਦਾ ਨਾਂਅ ਲੈ ਕੇ ਇੱਕ ਗਾਣਾ ਗਾਇਆ ਗਿਆ ਸੀ। ਜਿਸ ਕਰਕੇ ਪਿੰਡ ਕੋਟਦੁਨਾ ਦਾ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ ,ਗਾਇਕ ਗੁਲਾਬ ਸਿੱਧੂ ਨਾਲ ਰੰਜਿਸ਼ ਰੱਖਦਾ ਸੀ ਅਤੇ ਉਸ ਨੇ ਗੁਲਾਬ ਸਿੱਧੂ ਖ਼ਿਲਾਫ਼ ਇੱਕ ਧਮਕੀ ਭਰੀ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ।
ਉਹ ਪੰਜਾਬੀ ਗਾਇਕ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਐਸਐਸਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਉਕਤ ਵਿਅਕਤੀ ਗੁਲਾਬ ਸਿੱਧੂ 'ਤੇ ਹਮਲਾ ਕਰਕੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸਨ ਅਤੇ ਹੋਰ ਪ੍ਰਸਿੱਧ ਹਸਤੀਆਂ ਤੇ ਵਪਾਰੀਆਂ ਤੋਂ ਫਿਰੌਤੀ ਵਸੂਲਣਾ ਚਾਹੁੰਦੇ ਸਨ।
ਦੱਸ ਦੇਈਏ ਕਿ ਗੁਲਾਬ ਸਿੱਧੂ ਨੇ ਆਪਣੇ ਨਵੇਂ ਗੀਤ ਵਿੱਚ ‘ਸਣੇ ਸਰਪੰਚ ਸਾਰਾ ਪਿੰਡ ਕੁੱਟਦੂੰ’ ਗਾਇਆ ਸੀ, ਜਿਸ ’ਤੇ ਸਰਪੰਚਾਂ ਨੇ ਇਤਰਾਜ਼ ਕੀਤਾ ਅਤੇ ਸੰਘਰਸ਼ ਦਾ ਐਲਾਨ ਕਰਦੇ ਹੋਏ ਗੁਲਾਬ ਸਿੱਧੂ ਤੋਂ ਗੀਤ ਡਿਲੀਟ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਵੀਡੀਓ ਪਾ ਕੇ ਸਰਪੰਚਾਂ ਤੋਂ ਮੁਆਫ਼ੀ ਮੰਗੀ ਸੀ। ਇਸ ਮਗਰੋਂ ਗਾਇਕ ਨੇ ਇਤਰਾਜ਼ ਕਰ ਰਹੇ ਕੁਝ ਸਰਪੰਚਾਂ ਨਾਲ ਨਿੱਜੀ ਤੌਰ ’ਤੇ ਮਿਲ ਕੇ ਵੀ ਇਸ ਵਿਵਾਦ ਨੂੰ ਨਿਬੇੜਨ ਦਾ ਯਤਨ ਕੀਤਾ ਸੀ। ਸਰਪੰਚਾਂ ਨਾਲ ਮੁਲਾਕਾਤ ਦੌਰਾਨ ਉਸ ਨੇ ਕਿਹਾ ਕਿ ਉਹ ਇਤਰਾਜ਼ਯੋਗ ਸ਼ਬਦਾਂ ’ਤੇ ‘ਬੀਪ’ ਲਗਾ ਦੇਵੇਗਾ ਪਰ ਜਿੱਥੇ ਕਿਤੇ ਇਹ ਗੀਤ ਡਾਊਨਲੋਡ ਹੋ ਚੁੱਕਾ ਉਸ ਦਾ ਕੋਈ ਹੱਲ ਨਹੀਂ ਹੈ।
- PTC NEWS