ਲੁਧਿਆਣਾ ਦੇ ਪਾਇਲ 'ਚ ਸਥਿਤ ਇਸ 200 ਸਾਲ ਪੁਰਾਣੇ ਮੰਦਰ 'ਚ ਅੱਜ ਵੀ ਹੁੰਦੀ ਰਾਵਣ ਦੀ ਪੂਜਾ
ਲੁਧਿਆਣਾ: ਇੱਕ ਪਾਸੇ ਦੇਸ਼ ਵਿੱਚ ਵਿਜੇ ਦਸ਼ਮੀ ਵਾਲੇ ਦਿਨ ਰਾਵਣ ਦੇ ਨਾਲ-ਨਾਲ ਕੁੰਭਕਰਨ ਅਤੇ ਮੇਘਨਾਦ ਦੇ ਬੁੱਤ ਵੀ ਸਾੜੇ ਜਾਂਦੇ ਹਨ। ਦੂਜੇ ਪਾਸੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਸ਼ਹਿਰ ਵਿੱਚ ਚਾਰ ਵੇਦਾਂ ਦੇ ਜਾਣਕਾਰ ਰਾਵਣ ਨੂੰ ਸਾੜਨ ਤੋਂ ਪਹਿਲਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ।
ਦੱਸਿਆ ਜਾਂਦਾ ਕਿ ਇਹ ਪੂਜਾ ਸਾਰਾ ਦਿਨ ਚੱਲਦੀ ਰਹਿੰਦੀ ਹੈ ਅਤੇ ਇੱਥੇ ਰਾਵਣ ਦਾ ਇਹ ਜੋ ਮੰਦਰ ਹੈ, ਉਹ ਲਗਭਗ 200 ਸਾਲ ਪੁਰਾਣਾ ਕਿਹਾ ਜਾਂਦਾ ਹੈ। ਇਤਿਹਾਸਿਕ ਮਾਹਿਰਾਂ ਮੁਤਾਬਕ ਇਹ ਪਰੰਪਰਾ ਸਾਲ 1835 ਤੋਂ ਚੱਲੀ ਆ ਰਹੀ ਹੈ। ਇੱਥੇ ਬਣੇ 178 ਸਾਲ ਪੁਰਾਣੇ ਮੰਦਰ ਵਿੱਚ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਭਗਵਾਨ ਸ਼੍ਰੀ ਰਾਮ ਚੰਦਰ ਅਤੇ ਲਕਸ਼ਮਣ, ਹਨੂੰਮਾਨ ਅਤੇ ਸੀਤਾ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਹੈ।
ਪਾਇਲ ਵਿੱਚ ਰਾਵਣ ਦਾ 25 ਫੁੱਟ ਵੱਡਾ ਬੁੱਤ ਸਥਾਪਿਤ ਕੀਤਾ ਗਿਆ ਹੈ। ਜਿਸ ਉੱਤੇ ਵਰਤਿਆ ਗਿਆ ਕਾਗਜ਼ ਸਣੇ ਹੋਰ ਸਮਗਰੀ ਇਸ ਵਾਰੀ ਬਾਹਰਲੇ ਮੁਲਕ ਤੋਂ ਮੰਗਵਾਇਆ ਗਿਆ ਹੈ। ਇੱਥੇ ਇਹ ਵੀ ਕਿਹਾ ਜਾਂਦਾ ਕਿ ਲੋਕ ਰਾਵਣ ਦੇ ਬੁੱਤ ਨੂੰ ਖੂਨ ਦਾ ਤਿਲਕ ਲਗਾ ਕੇ ਮੱਥਾ ਟੇਕਦੇ ਹਨ।
ਇਸ ਦੇ ਨਾਲ ਹੀ ਵਿਜੇ ਦਸ਼ਮੀ ਤੋਂ ਪਹਿਲਾਂ ਇੱਥੇ ਰਸਮੀ ਤਰੀਕੇ ਨਾਲ ਰਾਮਲੀਲਾ ਵੀ ਕਰਵਾਈ ਜਾਂਦੀ ਹੈ। ਭਾਵੇਂ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਵਿਜੇ ਦਸ਼ਮੀ 'ਤੇ ਉਸ ਦੇ ਪੁਤਲੇ ਸਾੜੇ ਜਾਂਦੇ ਹਨ ਪਰ ਅੱਜ ਇੱਥੇ ਭਗਵਾਨ ਸ਼੍ਰੀ ਰਾਮ ਦੇ ਨਾਲ ਰਾਵਣ ਦੀ ਵੀ ਪੂਜਾ ਕੀਤੀ ਜਾਂਦੀ ਹੈ।
- PTC NEWS