Dasuha Road Accident : ਵਿਆਹ ਸਮਾਗਮ ਤੋਂ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ , 2 ਮਹਿਲਾਵਾਂ ਦੀ ਮੌਤ
Dasuha Road Accident : ਹੁਸ਼ਿਆਰਪੁਰ ਦੇ ਦਸੂਹਾ 'ਚ ਮਿਆਣੀ ਰੋਡ 'ਤੇ ਪਿੰਡ ਬਸੋਆ ਨੇੜੇ ਇੱਕ ਸੜਕ ਹਾਦਸੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ,ਜਦੋਂ ਪਰਿਵਾਰ ਇੱਕ ਵਿਆਹ ਸਮਾਗਮ ਤੋਂ ਘਰ ਵਾਪਸ ਆ ਰਿਹਾ ਸੀ। ਹਾਦਸੇ ਸਮੇਂ ਦੋ ਬੱਚਿਆਂ ਸਮੇਤ ਸੱਤ ਲੋਕ ਕਾਰ ਵਿੱਚ ਸਵਾਰ ਸਨ। ਜ਼ਖਮੀਆਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਰਾਜਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ,ਜਦਕਿ ਪ੍ਰੀਤੀ ਪਤਨੀ ਅਸ਼ਵਨੀ ਅਤੇ ਕੁਲਦੀਪ ਕੌਰ ਦੀ ਹਾਲਤ ਗੰਭੀਰ ਹੋਣ ਕਰਕੇ ਜਲੰਧਰ ਰੈਫਰ ਕੀਤਾ ਗਿਆ ਸੀ, ਜਿੱਥੇ 21 ਸਾਲਾ ਪ੍ਰੀਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕੀਤਾ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਅਸ਼ਵਨੀ ਕੁਮਾਰ ਪੁੱਤਰ ਗੁਰਦਿਆਲ ਸਿੰਘ ਵਾਸੀ ਉਸਮਾਨ ਸ਼ਹੀਦ ਨੇ ਦੱਸਿਆ ਕਿ ਮੈਂ ਆਪਣੇ ਪਿਤਾ ਗੁਰਦਿਆਲ ਸਿੰਘ ,ਮਾਤਾ ਕੁਲਦੀਪ ਕੌਰ, ਪਤਨੀ ਪ੍ਰੀਤੀ, ਚਾਚੀ ਰਾਜਿੰਦਰ ਕੌਰ ਪਤਨੀ ਚੰਦਰ ਮਨੀ ਅਤੇ ਰਾਜਿੰਦਰ ਕੌਰ ਦੇ ਦੋ ਬੱਚੇ ਮੰਨਤ ਅਤੇ ਅਯਾਨ ਇੱਕ ਵਿਆਹ ਲਈ ਮਿਆਣੀ ਜਾ ਰਹੇ ਸਨ। ਜਦੋਂ ਅਸੀਂ ਸ਼ਾਮ ਨੂੰ ਮਿਆਣੀ ਰੋਡ 'ਤੇ ਬਸੋਆ ਪਿੰਡ ਦੇ ਨੇੜੇ ਸੰਤਸੰਗ ਘਰ ਕੋਲ ਪਹੁੰਚੇ ਤਾਂ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਅਸੀਂ ਸਾਰੇ ਜ਼ਖਮੀ ਹੋ ਗਏ।
ਇੱਕ ਰਾਹਗੀਰ ਨੇ ਇੱਕ ਗੱਡੀ ਦਾ ਪ੍ਰਬੰਧ ਕਰਕੇ ਸਾਨੂੰ ਦਸੂਹਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਦਸੂਹਾ ਦੇ ਡਾਕਟਰ ਨੇ ਮੇਰੀ ਚਾਚੀ ਰਾਜਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਮੇਰੀ ਪਤਨੀ ਪ੍ਰੀਤੀ ਅਤੇ ਮੇਰੀ ਮਾਂ ਕੁਲਦੀਪ ਕੌਰ ਗੰਭੀਰ ਜ਼ਖਮੀ ਹੋ ਗਈਆਂ। ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਅਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਅਤੇ ਸਾਨੂੰ ਬਾਕੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ। ਪਤਨੀ ਪ੍ਰੀਤੀ ਨੂੰ ਜਲੰਧਰ ਦੇ NHS ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੇਰੀ ਪਤਨੀ ਪ੍ਰੀਤੀ ਦੀ ਸੋਮਵਾਰ ਸਵੇਰੇ 2 ਵਜੇ NHS ਹਸਪਤਾਲ ਜਲੰਧਰ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਜਾਂਚ ਅਧਿਕਾਰੀ ASI ਮਹਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਦੋਵਾਂ ਔਰਤਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਅਤੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।
ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਛਾਇਆ
ਰਜਿੰਦਰ ਕੌਰ ਆਪਣੇ ਦੋ ਬੱਚਿਆਂ ਮੰਨਤ ਅਤੇ ਅਯਾਨ ਨਾਲ ਕਾਰ ਵਿੱਚ ਸਫ਼ਰ ਕਰ ਰਹੀ ਸੀ। ਕਾਰ ਹਾਦਸੇ ਸਮੇਂ ਉਸਨੇ ਦੋਵਾਂ ਬੱਚਿਆਂ ਨੂੰ ਗਲੇ ਲਗਾ ਲਿਆ। ਜਦੋਂ ਉਹ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚੀ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪ੍ਰਤੀਤੀ ਨੇ ਅੱਠ ਮਹੀਨੇ ਪਹਿਲਾਂ ਹੀ ਕਾਰ ਡਰਾਈਵਰ ਅਸ਼ਵਨੀ ਨਾਲ ਵਿਆਹ ਕਰਵਾ ਲਿਆ ਸੀ। ਉਸ ਨੇ ਵੀ ਉਸ ਹਾਦਸੇ ਵਿੱਚ ਆਪਣੀ ਜਾਨ ਗੁਆ ਦਿੱਤੀ।
- PTC NEWS