Jalandhar News : ਲੁਟੇਰਿਆਂ ਨੇ ਘਰ 'ਚ ਦਾਖਲ ਹੋ ਕੇ ਮਹਿਲਾ ਨੂੰ ਬਣਾਇਆ ਬੰਧਕ , ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ
Jalandhar News : ਜਲੰਧਰ ਸ਼ਹਿਰ ਦੇ ਇਲਾਕੇ ਲਾਜਪਤ ਨਗਰ ਵਿੱਚ ਕਾਂਗਰਸ ਕੌਂਸਲਰ ਜਸਲੀਨ ਸੇਠੀ ਦੇ ਘਰ ਵਿੱਚ ਦਿਨ-ਦਿਹਾੜੇ ਤਿੰਨ ਲੁਟੇਰੇ ਦਾਖਲ ਹੋਏ। ਉਨ੍ਹਾਂ ਨੇ ਬੰਦੂਕ ਦੀ ਨੋਕ 'ਤੇ ਮਹਿਲਾ ਨੂੰ ਬੰਧਕ ਬਣਾਇਆ ਅਤੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਭੱਜ ਗਏ। ਲੁੱਟ ਦੌਰਾਨ ਘਰ ਵਿਚ ਦਾਖਿਲ ਹੁੰਦੇ ਹੋਏ ਲੁਟੇਰੇ ਅਤੇ ਵਾਰਦਤ ਦੇ ਬਾਅਦ ਭੱਜਦੇ ਹੋਏ ਨਕਾਬਪੋਸ਼ ਲੁਟੇਰੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਵਾਰਦਾਤ ਤੋਂ ਬਾਅਦ ਔਰਤ ਨੇ ਰੌਲ਼ਾ ਪਾਇਆ, ਜਿਸ ਨਾਲ ਸਥਾਨਕ ਲੋਕ ਮੌਕੇ 'ਤੇ ਆ ਗਏ। ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਲਾਜਪਤ ਨਗਰ ਦੀ ਰਹਿਣ ਵਾਲੀ ਪ੍ਰਵੀਨ ਖੰਨਾ ਨੇ ਕਿਹਾ ਕਿ ਜਦੋਂ ਉਹ ਦੁਪਹਿਰ ਨੂੰ ਘਰ 'ਚ ਬੈਠੀ ਸੀ ਤਾਂ ਦਰਵਾਜ਼ੇ ਦੀ ਘੰਟੀ ਵੱਜੀ। ਜਦੋਂ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਤਿੰਨ ਨਕਾਬਪੋਸ਼ ਆਦਮੀ ਬਾਹਰ ਖੜ੍ਹੇ ਦੇਖੇ। ਉਸ ਦੇ ਬੋਲਣ ਤੋਂ ਪਹਿਲਾਂ ਦੋ ਨੌਜਵਾਨ ਉਸਦਾ ਮੂੰਹ ਘੁੱਟ ਕੇ ਉਸਨੂੰ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਦੋ ਲੁਟੇਰਿਆਂ ਨੇ ਉਸਦੇ ਪਹਿਨੇ ਹੋਏ ਗਹਿਣੇ ਦੋ ਸੋਨੇ ਦੀਆਂ ਚੂੜੀਆਂ, ਇੱਕ ਟੌਪਸ ਅਤੇ ਇੱਕ ਅੰਗੂਠੀ ਉਤਾਰ ਲਏ ਅਤੇ ਇੱਕ ਸਦਾ ਮੂੰਹ ਦੱਬ ਕੇ ਖੜਾ ਸੀ।
ਉਸਦੇ ਸਾਰੇ ਗਹਿਣੇ ਉਤਾਰਨ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਅਤੇ ਅਲਮਾਰੀ ਵਿੱਚੋਂ 17,000 ਰੁਪਏ ਦੀ ਨਕਦ ਕੱਢੀ। ਪੈਸੇ ਅਤੇ ਗਹਿਣੇ ਲੁੱਟਣ ਤੋਂ ਬਾਅਦ ਤਿੰਨ ਨਕਾਬਪੋਸ਼ ਵਿਅਕਤੀ ਘਰੋਂ ਨਿਕਲ ਕੇ ਮੋਟਰਸਾਈਕਲ 'ਤੇ ਭੱਜ ਗਏ। ਉਸਨੇ ਰੌਲਾ ਪਾਇਆ, ਜਿਸ ਨਾਲ ਲੋਕਾਂ ਦੀ ਭੀੜ ਇਕੱਠੀ ਹੋ ਗਈ ਜਿਨ੍ਹਾਂ ਨੇ ਪੁਲਿਸ ਅਤੇ ਕੌਂਸਲਰ ਨੂੰ ਸੂਚਿਤ ਕੀਤਾ।
ਇਲਾਕੇ ਦੇ ਕੌਂਸਲਰ ਜਸਲੀਨ ਸੇਠੀ ਨੇ ਕਿਹਾ ਕਿ ਦਿਨ ਦਿਹਾੜੇ ਹੋਈ ਲੁੱਟ ਨੇ ਪੁਲਿਸ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਉਸਨੇ ਪੁਲਿਸ ਨੂੰ ਘਟਨਾਵਾਂ ਨੂੰ ਘਟਾਉਣ ਲਈ ਇਲਾਕੇ ਵਿੱਚ ਗਸ਼ਤ ਵਧਾਉਣ ਦੀ ਅਪੀਲ ਕੀਤੀ। ਪੁਲਿਸ ਥਾਣਾ ਛੇ ਦੇ ਜਾਂਚ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
- PTC NEWS