Dairy Farming : ਡੇਅਰੀ ਫਾਰਮਰਾਂ 'ਤੇ ਮਹਿੰਗਾਈ ਦੀ ਮਾਰ ! ਦੁੱਧ ਵੇਚ ਕੇ ਵੀ ਪੈ ਰਿਹਾ ਘਾਟਾ, ਹਨ੍ਹੇਰੇ 'ਚ ਭਵਿੱਖ
Dairy Farming : ਪੰਜਾਬ ਵਿੱਚ ਮਹਿੰਗਾਈ ਦੀ ਮਾਰ ਹੁਣ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਕਿਸਾਨਾਂ 'ਤੇ ਵੀ ਪੈਣ ਲੱਗੀ ਹੈ। ਪਸ਼ੂ ਫੀਡ, ਖਲ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਡੇਅਰੀ ਫਾਰਮਰਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ।
ਦੁੱਧ ਦੇ ਰੇਟ ਨਾਲ ਖਰਚੇ ਕੱਢਣੇ ਔਖੇ ਹੋਏ
ਹਾਲਾਤ ਇਹ ਹਨ ਕਿ ਕਰੀਬ 45 ਰੁਪਏ ਪ੍ਰਤੀ ਲੀਟਰ ਦੁੱਧ ਵੇਚਣ ਦੇ ਬਾਵਜੂਦ ਪਸ਼ੂ ਪਾਲਕਾਂ ਨੂੰ ਖਰਚੇ ਕੱਢਣੇ ਔਖੇ ਹੋ ਰਹੇ ਹਨ। ਡੇਅਰੀ ਫਾਰਮਰਾਂ ਦਾ ਕਹਿਣਾ ਹੈ ਕਿ ਵਧਦੀ ਲਾਗਤ ਦੇ ਮੁਕਾਬਲੇ ਦੁੱਧ ਦਾ ਖਰੀਦ ਭਾਅ ਨਹੀਂ ਵਧ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਪ੍ਰਤੀ ਲੀਟਰ ਦੁੱਧ 'ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ... ਕਦੋਂ ਹੱਲ ਹੋਣਗੇ ਕਰਤਾਰਪੁਰ ਕੋਰੀਡਰ ਅਤੇ ਬੰਦੀ ਸਿੰਘਾਂ ਦੇ ਮਸਲੇ ? ਅਮਿਤ ਸ਼ਾਹ ਦੇ ਬਿਆਨ ਦੇ ਕੀ ਹਨ ਮਾਇਨੇ ?
ਡੇਅਰੀ ਫਾਰਮਿੰਗ ਨੂੰ ਕਿਸਾਨਾਂ ਲਈ ਆਮਦਨ ਅਤੇ ਰੁਜ਼ਗਾਰ ਦਾ ਵਧੀਆ ਸਾਧਨ ਮੰਨਿਆ ਜਾਂਦਾ ਹੈ, ਪਰ ਹੁਣ ਵਧਦੀ ਮਹਿੰਗਾਈ ਇਸ ਕਿੱਤੇ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
ਦੱਸ ਦਈਏ ਕਿ ਪਿਛਲੇ 3-4 ਮਹੀਨਿਆਂ ਵਿੱਚ ਪਸ਼ੂਆਂ ਦੀ ਫੀਡ ਦੀਆਂ ਕੀਮਤਾਂ 'ਚ 1000 ਰੁਪਏ ਪ੍ਰਤੀ ਕੁਇੰਟਲ ਤੱਕ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਖਲ, ਚੂਰੀ, ਤੂੜੀ ਅਤੇ ਹੋਰ ਖੁਰਾਕੀ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ।
ਖਰਚਿਆਂ ਨੇ ਬੱਚਤ ਖਤਮ ਕੀਤੀ : ਡੇਅਰੀ ਫਾਰਮਰ
ਡੇਅਰੀ ਫਾਰਮਰਾਂ ਮੁਤਾਬਕ ਪਸ਼ੂਆਂ ਦੀ ਖੁਰਾਕ, ਇਲਾਜ, ਦੇਖਭਾਲ ਅਤੇ ਮਜ਼ਦੂਰੀ ਦੇ ਵਧਦੇ ਖਰਚਿਆਂ ਨੇ ਉਨ੍ਹਾਂ ਦੀ ਬੱਚਤ ਖ਼ਤਮ ਕਰ ਦਿੱਤੀ ਹੈ।
ਅਜਨਾਲਾ ਖੇਤਰ ਦੇ ਉੱਘੇ ਪਸ਼ੂ ਪਾਲਕ ਅਤੇ ਪੀ.ਡੀ.ਐੱਫ.ਏ. ਦੀ ਸੂਬਾ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਅਮਨਦੀਪ ਸਿੰਘ ਮਾਛੀਵਾਹਲਾ ਕੋਲ ਕਰੀਬ 150 ਗਾਵਾਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 10 ਤੋਂ 15 ਸਾਲਾਂ ਤੋਂ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਜੁੜੇ ਹੋਣ ਦੇ ਬਾਵਜੂਦ ਮੌਜੂਦਾ ਸਮੇਂ ਵਰਗੀ ਲਾਗਤ ਦੀ ਮਾਰ ਪਹਿਲਾਂ ਨਹੀਂ ਦੇਖੀ। ਉਨ੍ਹਾਂ ਮੁਤਾਬਕ ਫੀਡ ਦੀਆਂ ਕੀਮਤਾਂ ਵਧਣ ਕਾਰਨ ਹੁਣ 45 ਰੁਪਏ ਪ੍ਰਤੀ ਲੀਟਰ ਦੁੱਧ ਵੇਚਣ ਦੇ ਬਾਵਜੂਦ ਕਈ ਵਾਰ ਪ੍ਰਤੀ ਲੀਟਰ ਇੱਕ ਤੋਂ ਦੋ ਰੁਪਏ ਤੱਕ ਘਾਟਾ ਪੈ ਰਿਹਾ ਹੈ।
ਡੇਅਰੀ ਫਾਰਮਰਾਂ ਅਨੁਸਾਰ, ਦੁੱਧ ਦੀ ਪੈਦਾਵਾਰ ਲਈ ਵੱਡੀ ਮਾਤਰਾ ਵਿੱਚ ਪਸ਼ੂ ਫੀਡ ਦੀ ਲੋੜ ਪੈਂਦੀ ਹੈ। ਕਰੀਬ ਤਿੰਨ ਕਿਲੋ ਦੁੱਧ ਪੈਦਾ ਕਰਨ ਲਈ ਇੱਕ ਕਿਲੋ ਫੀਡ ਦੀ ਖਪਤ ਹੋ ਜਾਂਦੀ ਹੈ। ਅਜਿਹੇ ਵਿੱਚ ਫੀਡ ਦੀਆਂ ਕੀਮਤਾਂ ਵਿੱਚ ਹੋਣ ਵਾਲਾ ਮਾਮੂਲੀ ਵਾਧਾ ਵੀ ਡੇਅਰੀ ਫਾਰਮਰਾਂ ਦੇ ਮੁਨਾਫ਼ੇ ਨੂੰ ਸਿੱਧਾ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਅਰੀ ਫਾਰਮਿੰਗ ਸਿਰਫ਼ ਇੱਕ ਪਰਿਵਾਰ ਦਾ ਕਿੱਤਾ ਨਹੀਂ, ਸਗੋਂ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। 100 ਗਾਵਾਂ ਦਾ ਫਾਰਮ ਘੱਟੋ-ਘੱਟ 10 ਵਿਅਕਤੀਆਂ ਨੂੰ ਸਿੱਧਾ ਰੁਜ਼ਗਾਰ ਦੇ ਸਕਦਾ ਹੈ।
ਮਿਲਕਫੈਡ ਦੁੱਧ 'ਚ ਵਾਧੇ ਦਾ ਲਾਭ ਪਸ਼ੂ ਪਾਲਕਾਂ ਨੂੰ ਦੇਵੇ
ਜਗਦੀਪ ਸਿੰਘ ਗਿੱਲ ਪਸ਼ੂ ਪਾਲਕ, ਨੇ ਕਿਹਾ ਕਿ ਕੁਝ ਹੋਰ ਸੂਬਿਆਂ ਵਿੱਚ ਦੁੱਧ ਉਤਪਾਦਕਾਂ ਨੂੰ ਪ੍ਰਤੀ ਲੀਟਰ ਪੰਜ ਤੋਂ ਸੱਤ ਰੁਪਏ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਅਜਿਹੀ ਸਹਾਇਤਾ ਯੋਜਨਾ ਲਾਗੂ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮਿਲਕਫੈੱਡ ਨੂੰ ਦੁੱਧ ਦੇ ਖਰੀਦ ਭਾਅ ਵਿੱਚ ਹੋਏ ਵਾਧੇ ਦਾ ਬਣਦਾ ਲਾਭ ਸਿੱਧਾ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ।
ਫਿਲਹਾਲ, ਡੇਅਰੀ ਫਾਰਮਰਾਂ ਦੀ ਮੰਗ ਹੈ ਕਿ ਸਰਕਾਰ ਪਸ਼ੂ ਫੀਡ ਦੀਆਂ ਵਧਦੀਆਂ ਕੀਮਤਾਂ ਅਤੇ ਦੁੱਧ ਦੇ ਖਰੀਦ ਭਾਅ ਵਿਚਲੇ ਪਾੜੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਰਾਹਤ ਦੇਵੇ, ਤਾਂ ਜੋ ਕਿਸਾਨਾਂ ਦਾ ਇਹ ਕਿੱਤਾ ਘਾਟੇ ਦਾ ਸੌਦਾ ਬਣਨ ਤੋਂ ਬਚ ਸਕੇ।
ਇਹ ਵੀ ਪੜ੍ਹੋ... ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ 8 ਘੰਟੇ ਬਿਜਲੀ ਸਪਲਾਈ ਰਹੇਗੀ ਪ੍ਰਭਾਵਤ
- PTC NEWS