Sarabjit Kaur ਨੇ ਪਾਕਿਸਤਾਨ ਤੋਂ ਆਪਣੇ ਪਹਿਲੇ ਪਤੀ ਨੂੰ ਕੀਤਾ ਫ਼ੋਨ, ਕਿਹਾ - ਮੈਂ ਭਾਰਤ ਆ ਰਹੀ ਹਾਂ, ਮੇਰੇ ਤੋਂ ਗਲਤੀ ਹੋ ਗਈ
Sarabjit Kaur Audio Viral : ਪਾਕਿਸਤਾਨ 'ਚ ਨਿਕਾਹ ਕਰਵਾਉਣ ਵਾਲੀ ਪੰਜਾਬੀ ਮਹਿਲਾ ਸਰਬਜੀਤ ਕੌਰ ਦੀ ਉਸਦੇ ਪਤੀ ਨਾਲ ਗੱਲਬਾਤ ਦੀ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ। ਇੱਕ ਰਿਕਾਰਡਿੰਗ ਵਿੱਚ ਉਸਨੇ ਆਪਣੇ ਪਤੀ ਨੂੰ ਦੱਸਿਆ ਕਿ ਉਹ ਜਾਸੂਸੀ ਕਰਨ ਲਈ ਨਹੀਂ ਪਾਕਿਸਤਾਨ ਗਈ ਸੀ, ਸਗੋਂ ਅਸ਼ਲੀਲ ਫੋਟੋਆਂ ਡਿਲੀਟ ਕਰਵਾਉਣ ਲਈ ਗਈ ਸੀ। ਉਹ ਹੁਣ ਵਾਪਸ ਆਉਣਾ ਚਾਹੁੰਦੀ ਹੈ।
ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਨੇ ਵੀ ਰੋਂਦੇ ਹੋਏ ਕਿਹਾ ਕਿ ਜਿਸ ਮੁਸਲਿਮ ਆਦਮੀ ਨਾਲ ਉਸਨੇ ਨਿਕਾਹ ਕੀਤਾ ਉਸਦੀ ਮਾਂ, ਪਤਨੀ ਅਤੇ ਭੈਣ ਨੇ ਉਸਨੂੰ ਥੱਪੜ ਮਾਰੇ। ਉਸਨੇ ਇਹ ਵੀ ਕਿਹਾ ਕਿ ਵਾਪਸ ਆਉਣ 'ਤੇ ਉਸਨੂੰ ਕੋਈ ਪਰੇਸ਼ਾਨ ਨਾ ਕਰੇ।ਸਰਬਜੀਤ ਨੇ ਕਿਹਾ, "ਮੈਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਆਪਣੇ ਬੱਚਿਆਂ ਤੋਂ ਬਿਨਾਂ ਨਹੀਂ ਰਹਿ ਸਕਦੀ। ਮੈਂ ਲੋਕਾਂ ਨੂੰ ਕਰੋੜਾਂ ਰੁਪਏ ਦਿੰਦੀ ਸੀ ,ਸਰਦਾਰਨੀ ਹਾਂ, ਫਿਰ ਵੀ ਇੱਥੇ ਮੈਂ ਪੈਸੇ -ਪੈਸੇ ਨੂੰ ਤਰਸ ਰਹੀ ਹਾਂ।
ਦੱਸ ਦਈਏ ਕਿ ਪਿਛਲੇ ਦਿਨੀਂ ਉਸਨੂੰ ਪਾਕਿਸਤਾਨੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਸ਼ੁਰੂ ਵਿੱਚ ਉਸਨੂੰ ਉਸ ਸਮੇਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਸੀ ਪਰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸਨੂੰ ਰੋਕ ਦਿੱਤਾ। ਸਰਬਜੀਤ ਕੌਰ ਨੂੰ ਇੱਕ ਪਾਕਿਸਤਾਨੀ ਸ਼ੈਲਟਰ ਹੋਮ (ਦਾਰੁਲ ਅਮਾਨ) 'ਚ ਭੇਜ ਦਿੱਤਾ ਗਿਆ ਹੈ। ਉਹ ਇਸ ਸਮੇਂ ਦੌਰਾਨ ਪੁਲਿਸ ਸੁਰੱਖਿਆ ਹੇਠ ਰਹੇਗੀ। ਇਸ ਮਾਮਲੇ ਨੂੰ ਲੈ ਕੇ ਲਾਹੌਰ ਹਾਈ ਕੋਰਟ ਵਿੱਚ ਇੱਕ ਕੇਸ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਰਾਜ ਮੰਤਰੀ ਮੁਹੰਮਦ ਤਲਾਲ ਚੌਧਰੀ ਨੇ ਸਰਬਜੀਤ ਦੀ ਵੀਜ਼ਾ ਵਧਾਉਣ ਅਤੇ ਉਸਦੀ ਡਿਪੋਰਟੇਸ਼ਨ 'ਤੇ ਰੋਕ ਲਗਾਉਣ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ ਸੀ।
4 ਨਵੰਬਰ ਨੂੰ ਸਿੱਖ ਜਥੇ 'ਚ ਪਾਕਿਸਤਾਨ ਗਈ ਸੀ ਸਰਬਜੀਤ ਕੌਰ
ਦੱਸ ਦੇਈਏ ਕਿ ਸਰਬਜੀਤ ਕੌਰ ਕਪੂਰਥਲਾ ਦੀ ਰਹਿਣ ਵਾਲੀ ਹੈ। ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ। ਓਥੇ ਜਾ ਕੇ ਉਸਨੇ ਪਾਕਿਸਤਾਨੀ ਨੌਜਵਾਨ ਨਾਸਿਰ ਹੁਸੈਨ ਨਾਲ ਨਿਕਾਹ ਕਰਵਾਇਆ ਸੀ ਅਤੇ ਨਿਕਾਹ ਤੋਂ ਬਾਅਦ ਉਸਨੇ ਆਪਣੇ ਨਾਮ ਨੂਰ ਹੁਸੈਨ ਰੱਖ ਲਿਆ ਸੀ। ਸਰਬਜੀਤ ਕੌਰ ਦਾ ਤੀਰਥ ਯਾਤਰੀ ਵੀਜ਼ਾ 'ਸਿੰਗਲ ਐਂਟਰੀ' ਸੀ ਅਤੇ ਉਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਸਾਲ 2016 ਤੋਂ ਟਿਕਟੋਕ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਸਨ। ਸਰਬਜੀਤ ਕੌਰ ਨੇ ਪਹਿਲਾਂ ਵੀ ਕਈ ਵਾਰ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਨੂੰਨੀ ਕਾਰਨਾਂ ਕਰਕੇ ਅਰਜ਼ੀਆਂ ਰੱਦ ਹੋ ਗਈਆਂ ਸਨ।
- PTC NEWS