Security Guard ਦੀ ਧੀ ਨੇ ਵਧਾਇਆ ਬਾਪੂ ਦੀ ਪੱਗ ਦਾ ਮਾਣ; ਬਣੀ ਜੱਜ
ਪੀਟੀਸੀ ਨਿਊਜ਼ ਡੈਸਕ: ਪੰਜਾਬ ਦੀਆਂ ਧੀਆਂ ਨੇ ਜੋ ਇਸ ਵਾਰ ਕਰ ਵਿਖਾਇਆ ਹੈ ਉਸ ਨੂੰ ਵੇਖ ਹਰ ਕੋਈ ਇਹੀ ਕਹਿ ਰਿਹਾ ਵੀ ਇਸ ਵਾਰ ਤਾਂ ਇਹ 'ਧੀਆਂ ਦੀ ਦੀਵਾਲੀ' ਹੋਣ ਵਾਲੀ ਹੈ। ਇੰਝ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਲਗਭਗ 11 ਤੋਂ ਵੱਧ ਕੁੜੀਆਂ ਨੇ ਪੀ.ਸੀ.ਐੱਸ ਜੱਜ ਦੇ ਇਮਤਿਹਾਨਾਂ 'ਚ ਆਪਣੇ ਆਪਣੇ ਪਰਿਵਾਰਾਂ ਦਾ ਨਾ ਰੋਸ਼ਨਾਇਆ ਹੈ।
ਉਨ੍ਹਾਂ ਵਿੱਚੋਂ ਹੀ ਇੱਕ ਧੀ ਜਿਸਦੀ ਹੁਣ ਸਾਰੇ ਮੋਹਾਲੀ ਪਿੰਡ ਵਾਲੇ ਮਿਸਾਲ ਦਿੰਦੇ ਨਹੀਂ ਥੱਕ ਰਹੇ, ਉਹ ਹੈ ਪਰਮਿੰਦਰ ਕੌਰ, ਜਿਸਦੇ ਪਿਤਾ ਪੇਸ਼ੇ ਤੋਂ ਨਿੱਜੀ ਕੰਪਨੀ 'ਚ ਸੁਰੱਖਿਆ ਕਰਮਚਾਰੀ ਦਾ ਕੰਮ ਕਰਦੇ ਨੇ ਅਤੇ ਘਰ ਦੇ ਗਰੀਬ ਹਾਲਾਤਾਂ ਦੇ ਬਾਵਜੂਦ ਇਸ ਧੀ ਨੇ ਜੱਜ ਦਾ ਪੇਪਰ ਪਾਸ ਕਰ ਆਪਣੇ ਪਿਓ ਦੀ ਪੱਗ ਦੀ ਸ਼ਾਨ ਨੂੰ ਪਿੰਡ 'ਚ ਹੀ ਨਹੀਂ ਪੂਰੇ ਪੰਜਾਬ 'ਚ ਉੱਚਾ ਕੀਤਾ ਹੈ।
ਪਰਮਿੰਦਰ ਨੇ ਦੱਸਿਆ, "ਮੈਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੀ ਸੀ, ਜਦੋਂ ਮੈਨੂੰ ਪਤਾ ਲੱਗਿਆ ਵੀ ਇਮਤਿਹਾਨਾਂ ਦੇ ਨਤੀਜੇ ਜਾਰੀ ਹੋ ਚੁਕੇ ਹਨ। ਮਗਰੋਂ ਮੇਰੀ ਸਹੇਲੀ ਦਾ ਲਗਾਤਾਰ ਫੋਨ ਆਉਂਦਾ ਰਿਹਾ, ਪਾਠ ਤੋਂ ਬਾਅਦ ਇਸਤੋਂ ਪਹਿਲਾਂ ਮੈਂ ਨਤੀਜਾ ਵੇਖ ਪਾਉਂਦੀ ਮੇਰੀ ਸਹੇਲੀ ਨੇ ਫਿਰ ਫੋਨ ਕਰ ਦਿੱਤਾ। ਮੈਂ ਉਸਨੂੰ ਕਹਿਣਾ ਚਾਹਿਆ ਕਿ ਮੈਨੂੰ ਨਤੀਜਾ ਵੇਖਣ ਦੇ ਇੱਕ ਵਾਰਾਂ ਤਾਂ ਉਸਨੇ ਉਤਸ਼ਾਹ 'ਚ ਕਿਹਾ 'ਲੋੜ ਨਹੀਂ ਪਰਮਿੰਦਰ ਤੂੰ ਚੰਗੇ ਨੰਬਰਾਂ ਨਾਲ ਜੱਜ ਬਣ ਗਈ ਹੈ'।"
Watch Full Video:
ਪਰਮਿੰਦਰ ਨੇ ਅੱਗੇ ਕਿਹਾ, "ਮੈਂ ਭੱਜੀ ਭੱਜੀ ਪਹਿਲੀ ਮੰਜ਼ਿਲ ਤੋਂ ਹੇਠਾਂ ਉਤਰ ਮਾਂ ਨੂੰ ਜਾਣਕਾਰੀ ਦਿੱਤੀ ਉਦੋਂ ਤੱਕ ਪਿਤਾ ਜੀ ਵੀ ਆਪਣੀ ਡਿਊਟੀ ਕਰ ਸਾਈਕਲ 'ਤੇ ਵੇਹੜੇ 'ਚ ਆ ਖਲੋਤੇ ਸਨ, ਜਦੋਂ ਮੈਂ ਭੱਜੀ ਉਨ੍ਹਾਂ ਕੋਲ ਗਈ ਅਤੇ ਉਨ੍ਹਾਂ ਨੂੰ ਦੱਸਿਆ ਵੀ ਮੈਂ ਜੱਜ ਬਣ ਗਈ ਹਾਂ।" ਪਰਮਿੰਦਰ ਦਾ ਕਹਿਣਾ ਕਿ ਉਹ ਬਹੁਤ ਹੀ ਭਾਵੁਕ ਪੱਲ ਸੀ, ਕਿਉਂਕਿ ਜੇਕਰ ਇਸ ਵਾਰਾਂ ਇਹ ਪੇਪਰ ਨਾ ਨਿੱਕਲਦਾ ਤਾਂ "ਮੈਂ ਸੋਚਿਆ ਹੋਇਆ ਸੀ ਵੀ ਕਿਸੀ ਨਿੱਜੀ ਕੰਪਨੀ 'ਚ 10-12 ਹਜ਼ਾਰ ਦੀ ਨੌਕਰੀ 'ਤੇ ਲੱਗ ਜਾਵਾਂਗੀ।"
ਪਰਮਿੰਦਰ ਦੱਸਦੀ ਹੈ, "ਮਾਂ ਦੂਜਿਆਂ ਦੇ ਵਿਆਹਾਂ 'ਚ ਭਾਂਡੇ ਮਾਂਝਦੀ ਸੀ, ਕਦੀ ਕਦਾਈਂ ਮੈਨੂੰ ਵੀ ਜਾਣਾ ਪੈਂਦਾ, ਘਰੇ ਡੰਗਰ ਵੀ ਰੱਖੇ ਨੇ, ਉਨ੍ਹਾਂ ਲਈ ਦਿਨ 'ਚ 2 ਵਾਰ ਕੱਖ ਲਿਆਉਣੀ ਪੈਂਦੀ ਤਾਂ ਸਾਰੇ ਕਹਿੰਦੇ ਇਹ ਤਾਂ ਕੱਖ ਖੋਤਦੀ ਰਹਿੰਦੀ ਇਸਨੇ ਪੜ੍ਹ ਲਿੱਖ ਕੇ ਵੀ ਕੀ ਕਰ ਲੈਣਾ, ਉਸ ਵੇਲੇ ਲਗਦਾ ਸੀ ਸ਼ਾਇਦ ਇੰਝ ਹੀ ਜ਼ਿੰਦਗੀ ਗੁਜ਼ਰ ਜਾਵੇਗੀ।"
ਪਰਮਿੰਦਰ ਦੱਸਦੀ ਹੈ ਕਿ ਜਦੋਂ ਉਹ ਕਾਲਜ 'ਚ ਲਾਅ ਦੀ ਡਿਗਰੀ ਕਰਦੀ ਹੁੰਦੀ ਸੀ ਤਾਂ ਕਾਨੂੰਨ ਦੀਆਂ ਕਿਤਾਬਾਂ ਮਹਿੰਗੀਆਂ ਹੋਣ ਕਰਕੇ ਉਸਦੇ ਪਰਿਵਾਰ ਕੋਲ ਇਹ ਕਿਤਾਬਾਂ ਖ਼ਰੀਦਣ ਦੇ ਪੈਸੇ ਨਹੀਂ ਸੀ, ਤਾਂ ਉਹ ਕਾਲਜ ਦੀ ਲਾਇਬ੍ਰੇਰੀ ਤੋਂ ਇਹ ਕੀਤਾਬਾਂ ਖ਼ਰੀਦ ਪੜ੍ਹਿਆ ਕਰਦੀ ਸੀ।
ਜੱਜ ਬਣੀ ਧੀ ਦੀ ਮਾਂ ਨੇ ਦੱਸਿਆ, "ਹੁਣ ਹਲਾਤ ਪਹਿਲੇ ਵਰਗੇ ਨਹੀਂ ਰਹਿਣਗੇ, ਇਸਦੇ ਪਿਤਾ ਪਹਿਲਾਂ ਬਹੁਤ ਸ਼ਰਾਬ ਪੀਂਦੇ ਸਨ, ਸਾਨੂੰ ਵੀ ਇਸਦੀ ਬਹੁਤ ਚਿੰਤਾਂ ਹੁੰਦੀ ਸੀ। ਅਸੀਂ ਸੋਚਿਆ ਹੋਇਆ ਸੀ ਕਿ ਪਰਿਵਾਰ ਦੇ ਹਾਲਤ ਗਰੀਬੀ 'ਚ ਹੀ ਨਿਕਲਣਗੇ, ਕਈ ਵਾਰ ਤਾਂ ਅਸੀਂ ਕੱਲੇ ਚੌਲ ਖਾ ਕੇ ਹੀ ਰਾਤ ਦਾ ਗੁਜ਼ਾਰਾ ਕਰਦੇ ਸੀ। ਫੇਰ ਇਸਦੇ ਪਿਤਾ ਨੌਕਰੀ ਲੱਗ ਗਏ, ਮੈਂ ਵੀ ਲੋਕਾਂ ਦੇ ਘਰੇ ਭਾਂਡੇ ਮਾਂਝਿਆ ਕਰਦੀ ਸੀ। ਪਰ ਹੁਣ ਸਭ ਬਦਲ ਜਾਵੇਗਾ।"
ਪਰਮਿੰਦਰ ਦੇ ਪਿਤਾ ਕਹਿੰਦੇ ਨੇ, "ਅੱਜ ਬਹੁਤ ਖੁਸ਼ ਹਾਂ, ਮੈਨੂੰ ਹੁਣ ਤੀਕਰ ਤਾਂ ਆਸ ਨਹੀਂ ਸੀ ਅਤੇ ਮੈਂ ਸੋਚਦਾ ਹੁੰਦਾ ਸੀ ਵੀ ਮੇਰੇ ਨਿਆਣੇ ਅਫ਼ਸਰ ਬਣਨ ਹੁਣ ਉਹ ਅਫ਼ਸਰ ਬਣ ਗਏ ਨੇ, ਜਿਸਦੀ ਮੈਨੂੰ ਬਹੁਤ ਖੁਸ਼ੀ ਹੈ।" ਇਹ ਗੱਲ ਕਹਿੰਦੇ ਉਨ੍ਹਾਂ ਦੀ ਅੱਖਾਂ 'ਚ ਖੁਸ਼ੀ ਦੇ ਹੰਜੂ ਸਨ।
ਪਰਮਿੰਦਰ ਦਾ ਹੋਰ ਕੁੜੀਆਂ ਨੂੰ ਸੁਨੇਹਾ ਹੈ ਕਿ ਪੜ੍ਹਾਈ ਹੀ ਇੱਕ ਅਜਿਹੀ ਚੀਜ਼ ਹੈ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਕਈ ਪੀੜ੍ਹੀਆਂ ਤੱਕ ਦੀ ਨੁਹਾਰ ਬਦਲ ਸਕਦੀ ਹੈ।
- PTC NEWS