ਸ਼੍ਰੋਮਣੀ ਅਕਾਲੀ ਦਲ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ- ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
Sukhbir Singh Badal On Alliance: ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਗਠਜੋੜ ਨਹੀਂ ਹੋਵੇਗਾ। ਇਸ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਥ ਤੋਂ ਉੱਤੇ ਗਠਜੋੜ ਨਹੀਂ ਹੈ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ ਹੈ। ਸਗੋਂ ਪੰਜਾਬ ਦੇ ਹਿੱਤ ਨੂੰ ਮੁੱਖ ਰੱਖਦਾ ਹੈ। ਵੋਟਾਂ ਦੀ ਰਾਜਨੀਤੀ ਦਿੱਲੀ ਦੀਆਂ ਪਾਰਟੀਆਂ ਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਨੇ ਸਿਧਾਤਾਂ ਸੂਬੇ ਦੇ ਹਿੱਤਾਂ ਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਿਆ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ।
'ਅਕਾਲੀ ਦਲ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ' @Akali_Dal_ @Officeofssbadal#ShiromaniAkaliDal #PunjabiNews #PunjabNews #PTCNews #LatestNews #SukhbirSinghBadal #BJP #LokSabhaElection2024 pic.twitter.com/UaRdinN4Xm — ਪੀਟੀਸੀ ਨਿਊਜ਼ | PTC News (@ptcnews) March 26, 2024
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀ ਕੋਰ ਕਮੇਟੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਲਈ ਸਿਧਾਂਤ ਰਾਜਨੀਤੀ ਤੋਂ ਵੀ ਉਪਰ ਹਨ। ਉਹਨਾਂ ਕਿਹਾ ਕਿ ਸਾਡੇ ਲਈ ਅੰਕੜੇ, ਸਾਡੀ ਸੋਚ ਤੋਂ ਕਿਤੇ ਪਿੱਛੇ ਹਨ ਤੇ ਸਾਡੇ ਲਈ ਸਾਡੇ ਆਦਰਸ਼ ਤੇ ਟੀਚੇ ਸਭ ਤੋਂ ਉਪਰ ਹਨ ਜੋ ਸਾਡੇ ਮੁਤਾਬਕ ਮੌਕਾਪ੍ਰਸਤੀ ਤੋਂ ਕਿਤੇ ਅੱਗੇ ਹਨ। ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਬਾਬਾ ਬੋਹੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਐਮਰਜੰਸੀ ਦਾ ਉਦੋਂ ਵਿਰੋਧ ਕੀਤਾ ਜਦੋਂ ਉਹਨਾਂ ਨੂੰ ਸ੍ਰੀਮਤੀ ਇੰਦਰਾ ਗਾਂਧੀ ਨੇ ਚੁੱਪ ਰਹਿਣ ਦੇ ਬਦਲੇ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ।
ਉਹਨਾਂ ਕਿਹਾ ਕਿ ਇਹ ਤਜਵੀਜ਼ ਪ੍ਰਵਾਨ ਕਰਨ ਦੀ ਥਾਂ ’ਤੇ ਉਹਨਾਂ ਆਪ ਐਮਰਜੰਸੀ ਦੇ ਖਿਲਾਫ ਪਹਿਲੇ ਜੱਥੇ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਇਸ ਵਾਸਤੇ ਉਹਨਾਂ ਨੇ ਜੇਲ੍ਹਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਉਹਨਾਂ ਕਿਹਾ ਕਿ ਇਹੀ ਪਹੁੰਚ ਅਕਾਲੀ ਦਲ ਦਾ ਮਾਰਗ ਦਰਸ਼ਨ ਕਰਦੀ ਹੈ।
ਅਕਾਲੀ ਦਲ ਦੇ ਮੁਖੀ ਨੇ ਹੋਰ ਕਿਹਾ ਕਿ ਸੀਟਾਂ ਤੇ ਅੰਕੜੇ ਖਾਲਸਾ ਪੰਥ ਤੇ ਪੰਜਾਬ ਤੋਂ ਕਿਤੇ ਛੋਟੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ਨੇ ਕੁਝ ਦਿਨ ਪਹਿਲਾਂ ਆਪਣੀ ਮੀਟਿੰਗ ਵਿਚ ਸਪਸ਼ਟ ਕੀਤਾ ਸੀ ਕਿ ਕੌਮੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਹਨ ਪਰ ਅਕਾਲੀ ਦਲ ਪੰਜਾਬ ਵਿਚ ਡੂੰਘੀਆਂ ਜੜ੍ਹਾਂ ਵਾਲੀ ਖੇਤਰੀ ਪਾਰਟੀ ਹੈ ਜੋ ਪੰਥਕ ਆਦਰਸ਼ਾਂ ਮੁਤਾਬਕ ਚਲਦੀ ਹੈ ਤੇ ਅਸੀਂ ਸਰਬੱਤ ਦੇ ਭਲੇ ਵਿਚ ਯਕੀਨ ਰੱਖਦੇ ਹਾਂ।
ਸਰਦਾਰ ਬਾਦਲ ਨੇ ਕਿਹਾ ਕਿ ਹੋਰ ਪਾਰਟੀਆਂ ਤੋਂ ਉਲਟ ਅਕਾਲੀ ਦਲ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਤੇ ਖਾਸ ਤੌਰ ’ਤੇ ਸਿੱਖਾਂ ਦੇ ਹਿੱਤਾਂ ਦੀ ਪੂਰਤੀ ਵਿਚ ਵਿਸ਼ਵਾਸ ਕਰਦਾ ਹੈ ਤੇ ਇਹੀ ਸਾਡੀ ਸਰਵ ਉਚ ਨੈਤਿਕ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਸਾਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਂਦਾ ਪਰ ਅਸੀਂ ਪੰਜਾਬ ਦੇ ਖੇਤਾਂ ਤੋਂ ਚਲਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਆਪਣੇ ਖੇਤਰੀ ਸਰੂਪ ’ਤੇ ਮਾਣ ਹੈ। ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾ ਸਿਆਸੀ ਗਿਣਤੀ ਮਿਣਤੀ ਤੋਂ ਮੋਹਰੀ ਰਿਹਾ ਹੈ। ਹੋਰਨਾਂ ਤੋਂ ਉਲਟ ਅਸੀਂ ਜਿਉਣਾ ਤੇ ਮਰ ਜਾਣਾ ਪਸੰਦ ਕਰਦੇ ਹਾਂ।
ਉਹਨਾਂ ਕਿਹਾ ਕਿ ਅਕਾਲੀ ਦਲ ਸਿਰਫ ਅਜਿਹੀ ਸਿਆਸੀ ਪਾਰਟੀ ਹੈ ਜਿਸਦਾ 103 ਸਾਲਾਂ ਦਾ ਪੁਰਾਣਾ ਇਤਿਹਾਸ ਤੇ ਸਪਸ਼ਟ ਸੋਚ ਹੈ ਤੇ ਅਸੀਂ ਇਸ ਸੋਚ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਾਂ। ਅਸੀਂ ਆਪਣੇ ਟੀਚੇ ਪ੍ਰਤੀ ਸਮਰਪਿਤ ਰਹਾਂਗੇ। ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਜਮਾਤ ਹੈ ਤੇ ਇਸਨੇ ਹਮੇਸ਼ਾ ਕਿਸਾਨੀ ਹਿੱਤਾਂ ਵਾਸਤੇ ਮੋਹਰੀ ਹੋ ਕੇ ਲੜਾਈ ਲੜੀ ਹੈ ਤੇ ਇਹ ਹਮੇਸ਼ਾ ਕਿਸਾਨਾਂ ਲਈ ਨਿਆਂ ਵਾਸਤੇ ਲੜਦੀ ਰਹੇਗੀ।
ਕਾਬਿਲੇਗੌਰ ਹੈ ਕਿ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਅਤੇ ਗਠਜੋੜ ਨਹੀਂ ਕਰੇਗੀ। ਜਾਖੜ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਇਹ ਫੈਸਲਾ ਸੂਬੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਰਾਏ ਦੇ ਆਧਾਰ 'ਤੇ ਲਿਆ ਗਿਆ ਹੈ।''
ਜਾਖੜ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਭਵਿੱਖ, ਨੌਜਵਾਨਾਂ, ਕਿਸਾਨਾਂ ਅਤੇ ਵਪਾਰੀਆਂ ਅਤੇ ਪਛੜੇ ਵਰਗਾਂ ਦੀ ਬਿਹਤਰੀ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਇਕੱਠਾ ਹੋਇਆ ਹੈ। ਪੀ.ਐਮ. ਮੋਦੀ ਨੇ ਕਰਤਾਰਪੁਰ ਲਾਂਘੇ ਦੀ ਸਦੀਆਂ ਪੁਰਾਣੀ ਮੰਗ ਪੂਰੀ ਕੀਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਦੇ ਮੁੜ ਅਕਾਲੀ ਦਲ ਨਾਲ ਗਠਜੋੜ ਦੀ ਚਰਚਾ ਸੀ। ਭਾਜਪਾ ਦੇ ਸੀਨੀਅਰ ਆਗੂ ਵੀ ਇਸ ਦੇ ਹੱਕ ਵਿੱਚ ਸਨ। ਇਸ ਦੇ ਬਾਵਜੂਦ ਗੱਲਬਾਤ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਆਵਾਜ਼ ਪ੍ਰਦੂਸ਼ਣ 'ਤੇ ਹਾਈਕੋਰਟ ਨੇ ਪੰਜਾਬ ਅਤੇ ਹਰਿਆਣਾ ਤੋਂ ਮੰਗੀ ਜਾਣਕਾਰੀ
-