Shiromani Akali Dal : ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਕਾਲੀ ਦਲ ਦਾ ਵਫ਼ਦ, ਪ੍ਰੈਸ ਦੀ ਆਜ਼ਾਦੀ 'ਤੇ ਹਮਲੇ ਸਮੇਤ ਚੁੱਕੇ ਜਾਣਗੇ ਕਈ ਮੁੱਦੇ
Shiromani Akali Dal : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਵਫ਼ਦ ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ (Punjab Governor) ਨਾਲ ਮੁਲਾਕਾਤ ਕਰੇਗਾ। ਅਕਾਲੀ ਦਲ ਵੱਲੋਂ ਇਹ ਮੁਲਾਕਾਤ ਸ਼ਾਮ 6 ਵਜੇ ਕੀਤੇ ਜਾਣ ਬਾਰੇ ਦੱਸਿਆ ਗਿਆ ਹੈ, ਜਿਸ ਦੌਰਾਨ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰੈਸ ਦੀ ਆਜ਼ਾਦੀ 'ਤੇ ਹਮਲੇ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਨ ਦੇ ਖਤਰੇ ਨੂੰ ਲੈ ਕੇ ਮੁੱਦਿਆਂ ਤੋਂ ਜਾਣੂੰ ਕਰਵਾਇਆ ਜਾਵੇਗਾ।
ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ਼ਾਮ 6 ਵਜੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਨੂੰ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਫ਼ਦ ਨਾਭਾ ਜੇਲ 'ਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰੇ ਤੋਂ ਜਾਣੂ ਕਰਵਾਏਗਾ, ਜੋ ਕਿ ਆਪ ਸਰਕਾਰ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਦੇ ਹਿੱਸੇ ਵਜੋਂ ਦਰਜ ਕੀਤੇ ਗਏ ਝੂਠੇ, ਰਾਜਨੀਤਿਕ ਤੌਰ 'ਤੇ ਪ੍ਰੇਰਿਤ ਕੇਸ ਵਿੱਚ ਨਾਭਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਹਨ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਵਿੱਚ ਪ੍ਰੈਸ ਦੀ ਆਜ਼ਾਦੀ 'ਤੇ ਆਪ ਸਰਕਾਰ ਵੱਲੋਂ ਕੀਤੇ ਗਏ ਚਿੰਤਾਜਨਕ ਹਮਲੇ ਨੂੰ ਵੀ ਜ਼ੋਰਦਾਰ ਢੰਗ ਨਾਲ ਉਠਾਏਗਾ। ਵਫ਼ਦ ਪੰਜਾਬ ਕੇਸਰੀ ਗਰੁੱਪ ਆਫ਼ ਪਬਲੀਕੇਸ਼ਨਜ਼ ਵਿਰੁੱਧ ਡਰਾਉਣ-ਧਮਕਾਉਣ ਅਤੇ ਜ਼ਬਰਦਸਤੀ ਕਾਰਵਾਈਆਂ ਨੂੰ ਰੋਕਣ ਲਈ ਤੁਰੰਤ ਦਖਲ ਦੇਣ ਦੀ ਅਪੀਲ ਕਰੇਗਾ, ਜਿੱਥੇ ਕਈ ਸਰਕਾਰੀ ਵਿਭਾਗਾਂ ਨੇ ਸੁਤੰਤਰ ਪੱਤਰਕਾਰੀ ਨੂੰ ਦਬਾਉਣ ਲਈ ਛਾਪੇ ਮਾਰੇ ਹਨ।
ਇਸਤੋਂ ਇਲਾਵਾ ਇਹ ਵਫ਼ਦ ਸੋਸ਼ਲ ਮੀਡੀਆ ਕਾਰਕੁਨਾਂ, ਆਰਟੀਆਈ ਕਾਰਕੁਨਾਂ, ਯੂਟਿਊਬਰਾਂ ਅਤੇ ਮੀਡੀਆ ਕਰਮਚਾਰੀਆਂ ਵਿਰੁੱਧ ਅਸਹਿਮਤੀ ਪ੍ਰਗਟ ਕਰਨ ਅਤੇ ਕੁਸ਼ਾਸਨ ਦਾ ਪਰਦਾਫਾਸ਼ ਕਰਨ ਲਈ ਝੂਠੇ ਕੇਸਾਂ ਅਤੇ ਪਰੇਸ਼ਾਨੀ ਦੇ ਵਧ ਰਹੇ ਰੁਝਾਨ ਨੂੰ ਹੋਰ ਉਜਾਗਰ ਕਰੇਗਾ।
ਵਫ਼ਦ ਦੇ ਹੋਰ ਮੈਂਬਰਾਂ ਵਿੱਚ ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਬੀਬਾ ਗਨੀਵ ਕੌਰ ਮਜੀਠਾ ਵਿਧਾਇਕ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਐਡਵੋਕੇਟ ਦਮਨਬੀਰ ਸਿੰਘ ਸੋਬਤੀ ਸ਼ਾਮਲ ਹੋਣਗੇ।
- PTC NEWS