IND vs ENG : ਸ਼ੁਭਮਨ ਗਿੱਲ ਬਣੇ ਸਭ ਤੋਂ ਵੱਡੀ ਟੈਸਟ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ , ਤੀਜੀ ਪਾਰੀ 'ਚ ਹੀ ਵਿਰਾਟ ਕੋਹਲੀ ਦਾ ਤੋੜਿਆ ਰਿਕਾਰਡ
IND vs ENG 2nd test match : ਭਾਰਤੀ ਟੀਮ ਐਂਡਰਸਨ-ਤੇਂਦੁਲਕਰ ਟਰਾਫੀ ਦੇ ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਇੰਗਲੈਂਡ ਵਿਰੁੱਧ 587 ਦੌੜਾਂ 'ਤੇ ਆਲ ਆਊਟ ਹੋ ਗਈ ਹੈ। ਵੀਰਵਾਰ ਨੂੰ ਟੀਮ ਇੰਡੀਆ ਨੇ 310/5 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਅੱਜ ਮੈਚ ਦਾ ਦੂਜਾ ਦਿਨ ਹੈ ਅਤੇ ਆਖਰੀ ਸੈਸ਼ਨ ਚੱਲ ਰਿਹਾ ਹੈ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ ਬਿਨਾਂ ਕਿਸੇ ਨੁਕਸਾਨ ਦੇ 12 ਦੌੜਾਂ ਬਣਾਈਆਂ ਹਨ। ਜੈਕ ਕਰੌਲੀ ਅਤੇ ਬੇਨ ਡਕੇਟ ਕ੍ਰੀਜ਼ 'ਤੇ ਹਨ।
ਕਪਤਾਨ ਸ਼ੁਭਮਨ ਗਿੱਲ 269 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਉਹ ਟੈਸਟ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ। ਗਿੱਲ ਤੋਂ ਇਲਾਵਾ ਓਪਨਰ ਯਸ਼ਸਵੀ ਜੈਸਵਾਲ 87 ਦੌੜਾਂ ਬਣਾਉਣ ਤੋਂ ਬਾਅਦ ਅਤੇ ਰਵਿੰਦਰ ਜਡੇਜਾ 89 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਵਾਸ਼ਿੰਗਟਨ ਸੁੰਦਰ ਨੇ 42 ਦੌੜਾਂ ਦਾ ਯੋਗਦਾਨ ਪਾਇਆ।
ਇੰਗਲੈਂਡ ਲਈ ਸ਼ੋਏਬ ਬਸ਼ੀਰ ਨੇ 3 ਵਿਕਟਾਂ ਲਈਆਂ। ਕ੍ਰਿਸ ਵੋਕਸ ਅਤੇ ਜੋਸ਼ ਟੰਗ ਨੇ 2-2 ਵਿਕਟਾਂ ਲਈਆਂ। ਬ੍ਰਾਈਡਨ ਕਾਰਸੇ, ਜੋ ਰੂਟ ਅਤੇ ਕਪਤਾਨ ਬੇਨ ਸਟੋਕਸ ਨੂੰ ਇੱਕ-ਇੱਕ ਵਿਕਟ ਮਿਲੀ।
ਸ਼ੁਭਮਨ ਗਿੱਲ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ
ਕਪਤਾਨ ਸ਼ੁਭਮਨ ਗਿੱਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ। ਗਿੱਲ ਨੇ ਵਿਰਾਟ ਕੋਹਲੀ ਦੇ 254 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਨੇ 2019 'ਚ ਪੁਣੇ 'ਚ ਦੱਖਣੀ ਅਫਰੀਕਾ ਖ਼ਿਲਾਫ਼ 254 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਟੈਸਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਸੀ ਅਤੇ ਹੁਣ ਉਨ੍ਹਾਂ ਦਾ ਰਿਕਾਰਡ ਟੁੱਟ ਗਿਆ ਹੈ।
ਵਿਰਾਟ ਕੋਹਲੀ ਨੇ 2019 ਵਿੱਚ ਕਪਤਾਨ ਵਜੋਂ ਦੱਖਣੀ ਅਫਰੀਕਾ ਵਿਰੁੱਧ ਟੈਸਟ ਕ੍ਰਿਕਟ ਵਿੱਚ 254 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਹ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਕਪਤਾਨ ਬਣ ਗਏ, ਪਰ ਹੁਣ ਸ਼ੁਭਮਨ ਗਿੱਲ ਨੇ ਉਨ੍ਹਾਂ ਨੂੰ ਪਛਾੜ ਦਿੱਤਾ ਹੈ। ਕਪਤਾਨ ਸ਼ੁਭਮਨ ਗਿੱਲ ਇੰਗਲੈਂਡ ਵਿੱਚ ਸਭ ਤੋਂ ਵੱਡੀ ਪਾਰੀ ਖੇਡਣ ਵਾਲਾ ਭਾਰਤੀ ਬਣ ਗਿਆ ਹੈ।
ਸ਼ੁਭਮਨ ਗਿੱਲ ਨੇ ਗਾਵਸਕਰ ਦਾ ਵੀ ਤੋੜਿਆ ਰਿਕਾਰਡ
ਇਸ ਪਾਰੀ ਦੌਰਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਉਣ ਦਾ ਰਿਕਾਰਡ ਵੀ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸੁਨੀਲ ਗਾਵਸਕਰ ਦੇ ਨਾਮ ਸੀ ,ਜਿਨ੍ਹਾਂ ਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ਵਿੱਚ ਭਾਰਤ ਲਈ 221 ਦੌੜਾਂ ਬਣਾਈਆਂ ਸਨ। ਗਾਵਸਕਰ ਨੇ ਇਹ ਕਾਰਨਾਮਾ 1978 ਵਿੱਚ ਟੈਸਟ ਕ੍ਰਿਕਟ ਵਿੱਚ ਇੰਗਲੈਂਡ ਵਿਰੁੱਧ ਕੀਤਾ ਸੀ।
- PTC NEWS