Wed, Oct 7, 2026
Whatsapp

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਹੋਈ ਵਿਸ਼ੇਸ਼ ਇਕੱਤਰਤਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ (ਸਕੂਲਾਂ) ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਹੋਈ।

Reported by:  PTC News Desk  Edited by:  Amritpal Singh -- October 07th 2026 07:20 PM
ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਹੋਈ ਵਿਸ਼ੇਸ਼ ਇਕੱਤਰਤਾ

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਦੀ ਹੋਈ ਵਿਸ਼ੇਸ਼ ਇਕੱਤਰਤਾ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ (ਸਕੂਲਾਂ) ਦੇ ਪ੍ਰਿੰਸੀਪਲ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਪ੍ਰਬੰਧਕੀ ਬਲਾਕ ਵਿਖੇ ਹੋਈ। ਇਕੱਤਰਤਾ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਸਕੱਤਰ ਵਿਦਿਆ ਇੰਜੀ: ਸੁਖਮਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਨੇ ਕੀਤੀ।

ਇਕੱਤਰਤਾ ਦੌਰਾਨ ਸਿੱਖ ਸੰਸਥਾਵਾਂ ਨੂੰ ਜਾਣਬੁੱਝ ਕੇ ਨਿਸ਼ਾਨੇ ’ਤੇ ਲੈ ਕੇ ਕੀਤੇ ਜਾ ਰਹੇ ਪ੍ਰਚਾਰ ’ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਨੂੰ ਮੰਦਭਾਗਾ ਤੇ ਚਿੰਤਾਜਨਕ ਵਰਤਾਰਾ ਕਰਾਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ’ਤੇ ਸਿੱਖ ਸੰਸਥਾਵਾਂ ਅਤੇ ਸਿੱਖ ਸਿਧਾਂਤਾਂ ਸਬੰਧੀ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਪ੍ਰਚਾਰ ਦੀ ਪਛਾਣ ਕਰਨਾ ਸਮੇਂ ਦੀ ਲੋੜ ਹੈ। ਅਜਿਹੇ ਮਾਮਲਿਆਂ ਵਿਚ ਬਿਨਾਂ ਤੱਥਾਂ ਦੀ ਪੜਤਾਲ ਕੀਤੇ ਕਿਸੇ ਵੀ ਪ੍ਰਚਾਰ ਦਾ ਹਿੱਸਾ ਬਣਨ ਦੀ ਬਜਾਏ ਸੰਗਤ ਨੂੰ ਸਹੀ ਜਾਣਕਾਰੀ ਦੇਣ ਅਤੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਲਈ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਕੱਤਰਤਾ ਵਿੱਚ ਇਹ ਵਿਚਾਰ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਕਿ ਪੰਥ ਵਿਰੋਧੀ ਚਾਲਾਂ ਅਤੇ ਸਿੱਖ ਵਿਰੋਧੀ ਪ੍ਰਚਾਰ ਤੋਂ ਸੁਚੇਤ ਰਹਿਣਾ ਹਰ ਸਿੱਖ ਦੀ ਕੌਮੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਸਿੱਖ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਸਮੂਹਿਕ ਤੌਰ ’ਤੇ ਹੰਭਲਾ ਮਾਰਨ ਦੀ ਵੀ ਲੋੜ ਹੈ।

ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਸੰਸਥਾ ਬਾਰੇ ਹੋ ਰਹੀ ਇਕਪਾਸੜ ਜਾਂ ਬਿਨਾਂ ਤੱਥਾਂ ਦੀ ਬਿਆਨਬਾਜ਼ੀ ਦਾ ਜਵਾਬ ਸੰਜਮ ਅਤੇ ਤੱਥਾਂ ਨਾਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੰਸਥਾ ਨੇ ਪੰਥਕ ਕਾਰਜਾਂ ਵਿਚ ਹਮੇਸ਼ਾ ਮੋਹਰੀ ਹੋ ਕੇ ਭੂਮਿਕਾ ਨਿਭਾਈ ਅਤੇ ਵਿਦਿਅਕ ਅਦਾਰਿਆਂ ਨੂੰ ਵੀ ਸਮੇਂ ਦਾ ਹਾਣੀ ਬਨਾਉਣ ਲਈ ਵੀ ਵੱਡੇ ਯਤਨ ਕੀਤੇ ਹਨ। ਅੱਜ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਲਗਾਤਾਰ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਇਕਜੁਟਤਾ ਨਾਲ ਜਵਾਬ ਦੇਣਾ ਬੇਹੱਦ ਜ਼ਰੂਰੀ ਹੈ।

ਇਸੇ ਦੌਰਾਨ ਸਕੱਤਰ ਵਿਦਿਆ ਇੰਜੀ: ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਵਿਕਾਸ ਅਤੇ ਕਰਮਚਾਰੀਆਂ ਦੀ ਭਲਾਈ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਏ ਕਾਰਜ ਆਪਣੇ ਆਪ ਵਿਚ ਮਹੱਤਵਪੂਰਨ ਹਨ। ਵਿਦਿਅਕ ਅਦਾਰਿਆਂ ਨੂੰ ਮਜ਼ਬੂਤ ਕਰਨ, ਤਲਵੰਡੀ ਸਾਬੋ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵਿਦਿਆਰਥੀਆਂ ਦੀ ਮੁਫ਼ਤ ਪੜ੍ਹਾਈ, ਮੁਕਾਬਲਾ ਪ੍ਰੀਖਿਆ ਦੀ ਤਿਆਰੀ ਲਈ ਨਿਸ਼ਚੈ ਅਕੈਡਮੀ ਦੀ ਸਥਾਪਨਾ ਵਰਗੇ ਫੈਸਲੇ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਸੰਸਥਾ ਦੇ ਪੱਖ ਨੂੰ ਮਜ਼ਬੂਤੀ ਨਾਲ ਇਕਜੁਟ ਹੋ ਕੇ ਲੋਕਾਂ ਸਾਹਮਣੇ ਰੱਖਿਆ ਜਾਵੇ।

ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀ ਵਿਦਿਅਕ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ, ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਸਿੱਖ ਵਿਰਸੇ ਨਾਲ ਜੋੜਨ ਲਈ ਨਵੇਂ ਉਪਰਾਲੇ ਕਰਨ ਸਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਅਦਾਰਿਆਂ ਨੂੰ ਸਿੱਖ ਸਿਧਾਂਤ ਮਿਸ਼ਨ ਦਾ ਪ੍ਰਭਾਵਸ਼ਾਲੀ ਕੇਂਦਰ ਬਣਾਉਣ ਅਤੇ ਵਿਦਿਆਰਥੀਆਂ ਅੰਦਰ ਆਪਣੇ ਧਰਮ, ਵਿਰਸੇ ਅਤੇ ਕੌਮੀ ਸਰੋਕਾਰਾਂ ਪ੍ਰਤੀ ਚੇਤਨਾ ਪੈਦਾ ਕਰਨ ਦੀ ਲੋੜ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ।

ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਮਾਣਮੱਤੀ ਇਤਿਹਾਸਕ ਸੰਸਥਾ ਹੈ, ਜਿਸ ਵੱਲੋਂ ਧਰਮ, ਸਿੱਖਿਆ, ਸਿਹਤ, ਸਿੱਖ ਵਿਰਸੇ ਦੀ ਸੰਭਾਲ ਅਤੇ ਲੋਕ ਭਲਾਈ ਦੇ ਖੇਤਰਾਂ ਵਿੱਚ ਲੰਮੇ ਸਮੇਂ ਤੋਂ ਵੱਡੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ  ਗੁਰਦਿਆਲ ਸਿੰਘ, ਪ੍ਰਿੰਸੀਪਲ ਰਾਜਨਮੋਲ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਪ੍ਰਿੰਸੀਪਲ ਗੁਰੀਤ ਕੌਰ, ਪ੍ਰਿੰਸੀਪਲ ਪ੍ਰਭਜੀਤ ਸਿੰਘ, ਪ੍ਰਿੰਸੀਪਲ ਗਗਨਪ੍ਰੀਤ ਕੌਰ, ਪ੍ਰਿੰਸੀਪਲ ਗੁਰਸ਼ਰਨ ਸਿੰਘ, ਪ੍ਰਿੰਸੀਪਲ ਹਰਜੀਤ ਕੌਰ, ਪ੍ਰਿੰਸੀਪਲ ਸਰਬਜੀਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਕੌਰ, ਪ੍ਰਿੰਸੀਪਲ ਬਲਕਾਰ ਸਿੰਘ, ਪ੍ਰਿੰਸੀਪਲ ਰਮਨਦੀਪ ਕੌਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਪ੍ਰਿੰਸੀਪਲ ਮਮਤਾ ਕੌਰ, ਪ੍ਰਿੰਸੀਪਲ ਸ੍ਰੀਮਤੀ ਪੂਜਾ ਸ਼ਰਮਾ, ਪ੍ਰਿੰਸੀਪਲ ਕਿਰਨਦੀਪ ਕੌਰ, ਪ੍ਰਿੰਸੀਪਲ ਰੀਤਾ ਸੈਨੀ, ਪ੍ਰਿੰਸੀਪਲ ਕੁਲਵੰਤ ਸਿੰਘ, ਪ੍ਰਿੰਸੀਪਲ ਸੰਦੀਪ ਸਿੰਘ, ਪ੍ਰਿੰਸੀਪਲ ਬਿੰਦਰਪਾਲ ਕੌਰ, ਪ੍ਰਿੰਸੀਪਲ ਨਵਲੀਨ ਕੌਰ, ਪ੍ਰਿੰਸੀਪਲ ਕੰਵਲਜੀਤ ਕੌਰ, ਪ੍ਰਿੰਸੀਪਲ ਸਤਨਾਮ ਸਿੰਘ, ਪ੍ਰਿੰਸੀਪਲ ਪ੍ਰਮਿੰਦਰ ਕੌਰ, ਪ੍ਰਿੰਸੀਪਲ ਮਨੋਰਮਾ ਸਮਾਗ, ਪ੍ਰਿੰਸੀਪਲ ਰਣਜੀਤ ਸਿੰਘ, ਪ੍ਰਿੰਸੀਪਲ ਸਤਵਿੰਦਰ ਕੌਰ, ਪ੍ਰਿੰਸੀਪਲ ਜਸਵਿੰਦਰ ਸਿੰਘ, ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਪਵਨਦੀਪ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ, ਪ੍ਰਿੰਸੀਪਲ ਹਰਪ੍ਰੀਤ ਸਿੰਘ, ਪ੍ਰਿੰਸੀਪਲ ਪਰਮੀਤ ਕੌਰ, ਪ੍ਰਿੰਸੀਪਲ ਦਲਵਿੰਦਰ ਕੌਰ, ਪ੍ਰਿੰਸੀਪਲ ਰਾਜਵਿੰਦਰ ਕੌਰ, ਪ੍ਰਿੰਸੀਪਲ ਕੁਲਦੀਪ ਸਿੰਘ ਸਮੇਤ ਹੋਰ ਮੌਜੂਦ ਸਨ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK