Fazilka News : ਬੱਲੂਆਣਾ 'ਚ ਬੱਚਿਆਂ ਨੇ ਸਕੂਲ ਅੱਗੇ ਲਾਇਆ ਧਰਨਾ, ਟੀਚਰ ਨੇ ਕਿਹਾ - ਇਹ ਮੇਰੀ 17ਵੀਂ ਬਦਲੀ, ਮਹਿਕਮਾ ਕਰ ਰਿਹੈ ਖੱਜਲ
Government School Balluana : ਸਕੂਲ ਦੇ ਗੇਟ ਬਾਹਰ ਧਰਨਾ ਲਾ ਕੇ ਬੈਠੇ ਇਕ ਸਕੂਲੀ ਵਿਦਿਆਰਥੀ ਬੱਲੂਆਣਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਦਾ ਇਲਜਾਮ ਹੈ ਕਿ ਕਰੀਬ 2 ਮਹੀਨੇ ਪਹਿਲਾ ਸਕੂਲ ਵਿਚ ਆਈ ਹਿੰਦੀ ਵਿਸ਼ੇ ਦੀ ਅਧਿਆਪਿਕਾ ਕਰਕੇ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਉਕਤ ਟੀਚਰ ਦੀ ਬਦਲੀ ਕੀਤੀ ਜਾਵੇ।
ਦੂਜੇ ਪਾਸੇ ਕਰੀਬ 2 ਮਹੀਨੇ ਪਹਿਲਾ ਹੀ ਬਦਲ ਕੇ ਆਈ ਮਹਿਲਾ ਟੀਚਰ ਸੁਨੀਤਾ ਕੰਬੋਜ ਨੇ ਸਕੂਲ ਦੇ ਪ੍ਰਿੰਸੀਪਲ ਸਣੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀਆਂ ਤੇ ਉਸਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਨ ਦੇ ਇਲਜਾਮ ਲਾਉਂਦਿਆ ਕਿਹਾ ਕਿ ਇਹ ਉਸਦੀ ਕਰੀਬ 17 ਵੀ ਬਦਲੀ ਹੈ ਤੇ ਮਹਿਕਮਾ ਉਸਨੂੰ ਖੱਜਲ ਖੁਆਰ ਕਰਨ ਲਈ ਇਹ ਕਰ ਰਿਹਾ ਹੈ।
ਇਸ ਸਬੰਧੀ ਸਕੂਲ ਪ੍ਰਿੰਸੀਪਲ ਬਾਬੂ ਸਿੰਘ ਧਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਉਕਤ ਟੀਚਰ ਸਕੂਲ ਵਿੱਚ ਆਈ ਹੈ ਉਦੋਂ ਤੋਂ ਸਕੂਲ ਦਾ ਮਾਹੌਲ ਵਿਗਾੜ ਦਿੱਤਾ ਹੈ। ਹਰ ਗੱਲ 'ਤੇ ਸਟਾਫ ਨਾਲ ਲੜਾਈ-ਝਗੜਾ ਕਰਨ ਕਰਕੇ ਬੱਚਿਆ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ । ਪ੍ਰਿੰਸੀਪਲ ਨੇ ਕਿਹਾ ਕਿ ਅਧਿਆਪਿਕਾ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ।
ਟੀਚਰ ਦੀ ਤੁਰੰਤ ਪ੍ਰਭਾਵ ਨਾਲ ਹੋਈ ਬਦਲੀ
ਇਸ ਮਾਮਲੇ 'ਚ ਸਕੂਲ ਵਿੱਚ ਪਹੁੰਚੇ ਇਨਕੁਆਰੀ ਅਫ਼ਸਰ ਮਹਿੰਦਰ ਸ਼ਰਮਾ ਨੇ ਕਿਹਾ ਕਿ ਜਾਂਚ ਕਰਨ ਅਤੇ ਅਧਿਆਪਿਕਾ ਖਿਲਾਫ ਲੱਗੇ ਇਲਜਾਮਾਂ ਨੂੰ ਵੇਖਦਿਆਂ ਤੁਰੰਤ ਪ੍ਰਭਾਵ ਨਾਲ ਅਧਿਆਪਿਕਾ ਦੀ ਬਦਲੀ ਬੱਲੂਆਣਾ ਸਕੂਲ ਤੋਂ ਖੁੱਬਣ ਸਕੂਲ ਵਿੱਚ ਕਰ ਦਿੱਤੀ ਹੈ।
- PTC NEWS