TarnTaran By Election ਨੂੰ ਲੈ ਕੇ ਬੈਨਰ ਵਿਵਾਦ 'ਚ ਫਸੀ ਕਾਂਗਰਸ, ਸੁਖਬੀਰ ਸਿੰਘ ਬਾਦਲ ਬੋਲੇ- ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮਾਫੀ ਮੰਗੀ ਜਾਵੇ
TarnTaran By Election ਨੂੰ ਲੈ ਕੇ ਪੰਜਾਬ ਕਾਂਗਰਸ (Punjab Congress) ਬੈਨਰ ਵਿਵਾਦ (Poster Controvrsy) 'ਚ ਫਸਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਾਂਗਰਸ ਨੂੰ ਸਮੁੱਚੇ ਸਿੱਖ ਪੰਥ ਤੋਂ ਮਾਫ਼ੀ ਮੰਗਣ ਲਈ ਕਿਹਾ ਹੈ।
ਜਾਣਕਾਰੀ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਘੇਰਿਆ ਹੈ। ਤਸਵੀਰ ਵਿੱਚ ਕਾਂਗਰਸ ਨੇ ਆਪਣੇ ਕੌਮੀ ਅਤੇ ਸੂਬਾਈ ਆਗੂਆਂ ਦੀਆਂ ਤਸਵੀਰਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀਆਂ ਫੋਟੋਆਂ ਤੋਂ ਉੱਪਰ ਲਗਾ ਰੱਖੀਆਂ ਹਨ, ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ।

ਸੁਖਬੀਰ ਸਿੰਘ ਬਾਦਲ ਨੇ ਆਪਣੀ ਪੋਸਟ 'ਚ ਕਿਹਾ, ''ਕਾਂਗਰਸ ਪਾਰਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ ) ਦੀਆਂ ਤਸਵੀਰਾਂ ਦੇ ਕੀਤੇ ਨਿਰਾਦਰ ਦੀ ਮੈਂ ਸਖ਼ਤ ਨਿਖੇਦੀ ਕਰਦਾ ਹਾਂ। ਕਾਂਗਰਸ ਪਾਰਟੀ ਵਲੋਂ ਚੋਣ ਪ੍ਰਚਾਰ ਲਈ ਲਗਾਈ ਸਟੇਜ ਉੱਪਰ ਲੱਗੇ ਬੈਨਰ 'ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਤੋਂ ਉੱਪਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਮੇਤ ਹੋਰ ਕਾਂਗਰਸੀ ਆਗੂਆਂ ਦੀਆ ਤਸਵੀਰਾਂ ਲਗਾਉਣੀਆਂ ਬੇਹੱਦ ਬੱਜਰ ਗੁਨਾਹ ਹੈ।''
ਉਨ੍ਹਾਂ ਅੱਗੇ ਕਿਹਾ, ''ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਤੇ ਹੁਣ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੀਵਨ ਸਿੰਘ ਜੀ ਦਾ ਅਪਮਾਨ ਕੀਤਾ ਹੈ। ਇਸ ਕਰਕੇ ਸਿੱਖ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ , ਕਾਂਗਰਸ ਪਾਰਟੀ ਇਸ ਗੁਨਾਹ ਲਈ ਸਮੁੱਚੇ ਸਿੱਖ ਪੰਥ ਤੋਂ ਮੁਆਫ਼ੀ ਮੰਗੇ।''
ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ
ਉਧਰ, ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਚੋਣ ਕਮਿਸ਼ਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਗੂਆਂ ਨੇ ਪਹਿਲਾਂ ਵੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਇਹ ਅਪਮਾਨਜਨਕ ਟਿੱਪਣੀ ਕੀਤੀ ਸੀ। ਇਸ ਨੂੰ ਛੁਪਾਉਣ ਲਈ ਉਨ੍ਹਾਂ ਨੇ ਇਹ ਪੋਸਟਰ ਲਗਾਇਆ ਹੈ, ਜੋ ਗੁਰੂ ਸਾਹਿਬਾਨ ਦਾ ਨਿਰਾਦਰ ਕਰਦਾ ਹੈ।
- PTC NEWS