Sri Muktsar Sahib ਮਾਘੀ ਮੇਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ -ਕਿਸਾਨਾਂ ਲਈ ਕੀਤੇ ਵੱਡੇ ਐਲਾਨ
SAD Maghi Mela Rally : ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੱਡੇ ਐਲਾਨ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪਹਿਲੇ 10 ਦਿਨਾਂ 'ਚ ਉਨ੍ਹਾਂ ਕਿਸਾਨਾਂ ਨੂੰ ਨਵੇਂ ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ,ਜਿਨ੍ਹਾਂ ਕੋਲ ਨਹੀਂ ਹਨ। ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਪਾਈਪ ਸਿਸਟਮ ਸ਼ੁਰੂ ਕਰਾਂਗੇ। ਰਾਜਸਥਾਨ ਫੀਡਰ ਨਹਿਰ ਨੂੰ ਬੰਦ ਕਰਕੇ ਪਾਣੀ ਪੰਜਾਬ 'ਚ ਲੈ ਕੇ ਆਵਾਂਗੇ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲੇ ਸਾਲ ਦੇ ਅੰਦਰ ਸਰਹੱਦ ਨੇੜੇ ਦੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣਗੀਆਂ ਅਤੇ 1 ਸਾਲ ਦੇ ਅੰਦਰ ਸਾਰੀਆਂ ਜ਼ਮੀਨਾਂ ਦੇ ਇੰਤਕਾਲ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਕਈਆਂ ਕੋਲ ਜ਼ਮੀਨ ਨਹੀਂ ,ਜਿਸ ਕੋਲ ਲਾਲ ਡੋਰੇ ਦੀ ਜ਼ਮੀਨ ਹੈ, ਉਸਦੇ ਨਾਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਬੋਹਰ 'ਚ ਸੇਮ ਆ ਜਾਂਦੀ ਹੈ ,ਜੇਕਰ ਬਚਣਾ ਹੈ ਤਾਂ ਅਕਾਲੀ ਦਲ ਦੀ ਲੋੜ ਹੈ ,ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਸੇਮ ਨਹੀਂ ਆਈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਵੇਂ ਸ.ਸਰਦਾਰ ਪ੍ਰਕਾਸ ਸਿੰਘ ਬਾਦਲ ਨੇ ਕਿਸਾਨਾਂ ਦੇ ਟਰੈਕਟਰ ਦਾ ਟੈਕਸ ਮੁਆਫ਼ ਕੀਤਾ ਜਾਵੇਗਾ ,ਓਸੇ ਤਰ੍ਹਾਂ ਮੋਟਰ ਸਾਈਕਲਾਂ 'ਤੇ ਕੋਈ ਟੈਕਸ ਨਹੀਂ ਲਗੇਗਾ।
ਗੈਂਗਸਟਰਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਸਖ਼ਤ ਸੰਦੇਸ਼
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਇੱਕ ਵੀ ਗੈਂਗਸਟਰ ਨਹੀਂ ਰਹੇਗਾ। ਜਿਹੜਾ ਗੈਂਗਸਟਰ ਧਮਕੀ ਦੇਵੇਗਾ ਉਸ ਦੀ ਜ਼ਮੀਨ ਜਾਇਦਾਦ ਸਰਕਾਰ ਜਬਤ ਕਰੇਗੀ। ਨਸ਼ੇ ਵੇਚਣ ਵਾਲਿਆਂ ਦੀ ਜਾਇਦਾਦ ਵੀ ਸਰਕਾਰ ਜਬਤ ਕਰੇਗੀ।ਉਨ੍ਹਾਂ ਕਿਹਾ ਕਿ ਕਾਨੂੰਨ 'ਚ ਸੋਧ ਕਰਾਂਗੇ ਤਾਂ ਜੋ ਨਸ਼ਾ ਤਸਕਰ ਦੀ 5 ਸਾਲ ਤੱਕ ਜ਼ਮਾਨਤ ਨਾ ਹੋ ਸਕੇ।
ਪੰਜਾਬ ਦੇ ਨੌਜਵਾਨਾਂ ਲਈ ਸੁਖਬੀਰ ਸਿੰਘ ਬਾਦਲ ਦਾ ਵੱਡਾ ਐਲਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ 'ਚ ਪਹਿਲ ਦਿੱਤੀ ਜਾਵੇਗੀ ਅਤੇ ਪੰਜਾਬ ਤੋਂ ਬਾਹਰਲੇ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ। ਸਰਕਾਰ ਆਉਣ 'ਤੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ 50% ਸੀਟਾਂ ਸਰਕਾਰ ਆਪਣੇ ਕੋਲ ਰੱਖੇਗੀ ਤਾਂ ਜੋ ਗਰੀਬ ਬੱਚਿਆਂ ਨੂੰ ਮੁਫ਼ਤ ਪੜਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ 'ਚ 50 ਹਜ਼ਾਰ ਬੱਚਿਆਂ ਦੀ ਸਮਰੱਥਾ ਵਾਲੀ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ। ਵੱਡੀ ਕੰਪਨੀਆਂ ਨੂੰ ਸਿਖਲਾਈ ਲਈ ਡਿਪਾਰਟਮੈਂਟ ਦਿੱਤੇ ਜਾਣਗੇ ਤਾਂ ਜੋ ਬੱਚੇ ਬਾਹਰ ਜਾਣ ਦੀ ਬਜਾਏ ਇਥੇ ਹੀ ਰਹਿ ਕੇ ਕੰਮ ਕਰ ਸਕਣ। 10 ਲੱਖ ਲੋਨ ਲਈ ਕੋਈ ਵਿਆਜ ਨਹੀਂ ਹੋਵੇਗਾ ,3 ਸਾਲ ਤੱਕ ਕੋਈ ਪੈਸਾ ਨਹੀਂ ਮੋੜਨਾ, 7 ਸਾਲਾ ਤੱਕ ਦੇਣੇ ਹੋਣਗੇ। ਕਿਸੇ ਵੀ ਗਰੀਬ ਦੀ ਪੈਸੇ ਕਰਕੇ ਪੜਾਈ ਨਹੀਂ ਰੁਕੇਗੀ।
ਸੁਖਬੀਰ ਬਾਦਲ ਨੇ AAP 'ਤੇ ਕਸਿਆ ਤੰਜ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਸਾਰੇ ਨੇਤਾ ਵੇਹਲੇ ਹੋ ਕੇ ਪੰਜਾਬ ਵਿੱਚ ਬੈਠੇ ਹਨ। ਉਨ੍ਹਾਂ ਨੇ ਲੈਂਡ ਪੂਲਿੰਗ ਸਕੀਮ ਸ਼ੁਰੂ ਕੀਤੀ। ਉਨ੍ਹਾਂ ਨੇ ਦਿੱਲੀ ਦੇ ਬਿਲਡਰਾਂ ਨੂੰ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਜ਼ਮੀਨ ਦੇਖ ਲਵੋ ,ਅਸੀਂ ਉਨ੍ਹਾਂ ਨੂੰ ਐਕਵਾਇਰ ਕਰਕੇ ਦੇਵਾਂਗੇ। ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਪਰ ਪਿੱਛੇ ਹਟਣਾ ਪਿਆ। ਉਨ੍ਹਾਂ ਕਿਹਾ ਕਿ ਕੋਈ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਪੁੱਛ ਰਿਹਾ। ਕੇਜਰੀਵਾਲ ਇੱਥੇ ਸਰਕਾਰ ਚਲਾ ਰਹੇ ਹਨ। ਐਸਐਸਪੀ, ਡੀਸੀ ਅਤੇ ਤਹਿਸੀਲਦਾਰਾਂ ਦੀ ਬਦਲੀ ਕੇਜਰੀਵਾਲ ਦਿੱਲੀ ਤੋਂ ਕਰਦੇ ਹਨ।
ਪੰਜਾਬ ਵਿੱਚ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਨਹੀਂ ਮਿਲ ਰਹੀਆਂ: ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਨਹੀਂ ਮਿਲ ਰਹੀਆਂ। ਉਹ ਦੂਜੇ ਰਾਜਾਂ ਵਿੱਚ ਜਾ ਕੇ ਝੂਠ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਇਸ਼ਤਿਹਾਰਬਾਜ਼ੀ 'ਤੇ 4,500 ਕਰੋੜ ਰੁਪਏ ਖਰਚ ਕੀਤੇ ਹਨ। ਸੁਖਬੀਰ ਬਾਦਲ ਨੇ ਕਿਹਾ, "ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ 10 ਸਾਲਾਂ 'ਚ ਆਪ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਨੌਕਰੀ ਦੇਣ ਦਾ ਵਾਧਾ ਕੀਤਾ ਸੀ ਪਰ ਸੂਬੇ ਤੋਂ ਬਾਹਰਿਆ ਨੂੰ ਨੌਕਰੀਆਂ ਦਿੱਤੀਆਂ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਬੀਬੀਆਂ ਨੂੰ 1000 -1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ,ਉਹ ਪੂਰਾ ਨੀ ਕੀਤਾ। ਆਮ ਆਦਮੀ ਪਾਰਟੀ ਨੇ ਮੈਡੀਕਲ ਕਾਲਜ ,ਹਸਪਤਾਲ ,ਸਿਖਿਆ ,ਵਿਕਾਸ ਹਰ ਗਰੰਟੀ ਦਿਤੀ ਪਰ ਇਕ ਵੀ ਪੂਰੀ ਨਹੀਂ ਕੀਤੀ।
- PTC NEWS