TarnTaran : ਨਰਕ ਭਰੀ ਜ਼ਿੰਦਗੀ ਜਿਊਣ ਲਈ ਦਾਰਾ ਸਿੰਘ, ਔਖੇ ਸਮੇਂ 'ਚ ਮਾਂ ਵੀ ਛੱਡ ਗਈ ਦੋਵੇਂ ਧੀਆਂ ਦਾ ਸਾਥ, ਸਮਾਜ ਸੇਵੀਆਂ ਨੂੰ ਲਾਈ ਗੁਹਾਰ
TarnTaran Poor Family : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਅਕਬਰਪੁਰਪੁਰਾ ਵਿਖੇ ਇੱਕ ਘਰ ਦੇ ਅਜਿਹੇ ਹਾਲਾਤ ਵੇਖਣ ਨੂੰ ਮਿਲੇ ਹਨ ਕਿ ਕਿਸੇ ਦੀ ਵੀ ਇਸ ਘਰ ਦੇ ਹਾਲਾਤਾਂ ਨੂੰ ਵੇਖ ਕੇ ਰੂਹ ਕੰਬ ਜਾਵੇਗੀ ਦੱਸ ਦਈਏ ਕਿ ਘਰ ਵਿੱਚ ਦੋ ਜਵਾਨ ਧੀਆਂ, ਜਿਨ੍ਹਾਂ ਵਿੱਚੋਂ ਇਕ ਦੀ ਉਮਰ 14 ਸਾਲ ਅਤੇ ਇੱਕ ਦੀ 15 ਸਾਲ ਹੈ। ਘਰ ਵਿੱਚ ਬਾਥਰੂਮ ਵੀ ਹੁਣ ਕਿਸੇ ਨੇ ਬਣਵਾ ਕੇ ਦਿੱਤਾ, ਨਹੀਂ ਤਾਂ ਪਰਿਵਾਰ ਕੋਲ ਨਹਾਉਣ ਲਈ ਵੀ ਥਾਂ ਨਹੀਂ ਸੀ। ਘਰ ਦੇ ਕਮਰੇ ਦੀ ਛੱਤ ਕਾਨਿਆਂ ਦੀ ਪਈ ਹੋਈ ਹੈ ਅਤੇ ਜਿਸ ਵੇਲੇ ਵੀ ਬਾਰਿਸ਼ ਹੁੰਦੀ ਹੈ ਤਾਂ ਮੀਂਹ ਦੇ ਪਾਣੀ ਨਾਲ ਇਹ ਕਮਰਾ ਭਰ ਜਾਂਦਾ ਹੈ।

ਜਾਨਵਰਾਂ ਦਾ ਵੀ ਬਣਿਆ ਰਹਿੰਦਾ ਹੈ ਡਰ
ਉਧਰੋਂ, ਇਸ ਘਰ ਦੇ ਕਮਰੇ ਦੇ ਨਾਲ ਬਣਿਆ ਪਿੰਡ ਦਾ ਛੱਪੜ ਇਸ ਪਰਿਵਾਰ ਲਈ ਵੱਡੀ ਮੁਸੀਬਤ ਅਤੇ ਨਰਕ ਬਣਿਆ ਹੋਇਆ ਹੈ, ਜ਼ਹਿਰੀਲੇ ਸੱਪ ਅਤੇ ਹੋਰ ਜਾਨਵਰ ਵੀ ਇਸ ਪਰਿਵਾਰ ਦੇ ਲਾਗੇ ਤੁਰੇ ਫਿਰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਦਾਰਾ ਸਿੰਘ, ਜੋ ਕਿ ਬਿਲਕੁਲ ਸਿਧਰਾ ਸੁਭਾਅ ਦਾ ਹੈ ਉਸ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਪਰ ਮਿਹਨਤ ਮਜਦੂਰੀ ਕਰਨ ਦੌਰਾਨ ਉਸਨੇ ਸੀਮੈਂਟ ਦੀ ਬੋਰੀ ਚੁੱਕੀ ਹੋਈ ਸੀ ਤਾਂ ਇਸ ਦੌਰਾਨ ਉਸਦਾ ਪੈਰ ਤਿਲਕ ਗਿਆ ਅਤੇ ਉਸਦੀ ਲੱਤ ਟੁੱਟ ਗਈ।
ਪਹਿਲਾਂ ਟੁੱਟੀ ਲੱਤ ਤੇ ਫਿਰ ਬਾਂਹ ਨੇ ਦਾਰਾ ਸਿੰਘ ਦਾ ਪਰਿਵਾਰ ਰੋਲਿਆ
ਉਸ ਨੇ ਦੱਸਿਆ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ, ਉਸ ਨੇ ਥੋੜ੍ਹਾ ਇਲਾਜ ਕਰਾ ਕੇ ਘਰ ਭੇਜ ਦਿੱਤਾ, ਜਿਸ ਤੋਂ ਬਾਅਦ ਉਸਦਾ ਇਲਾਜ ਕਰਵਾਉਂਦੇ ਸਮੇਂ ਘਰ ਦਾ ਸਾਰਾ ਕੁਝ ਵਿਕ ਗਿਆ ਅਤੇ ਜਦੋਂ ਉਹ ਠੀਕ ਹੋ ਕੇ ਫਿਰ ਕਮਾਉਣ ਜੋਗਾ ਹੋਇਆ ਤਾਂ ਪਿੱਛੇ ਹੋਈਆਂ ਭਾਰੀ ਬਾਰਿਸ਼ਾਂ ਕਾਰਨ ਘਰ ਵਿੱਚ ਛੱਪੜ ਦਾ ਪਾਣੀ ਭਰ ਗਿਆ ਅਤੇ ਜਦੋਂ ਕਮਰੇ ਤੋਂ ਬਾਹਰ ਨਿਕਲਣ ਲੱਗਾ ਤਾਂ ਫਿਰ ਉਸਦਾ ਪੈਰ ਤਿਲਕ ਗਿਆ ਅਤੇ ਉਸਦੀ ਬਾਂਹ ਟੁੱਟ ਗਈ। ਇਸ ਪਿੱਛੋਂ ਘਰ ਦੇ ਹਾਲਾਤ ਨਰਕ ਤੋਂ ਵੀ ਘਟੀਆ ਹੋਣ ਲੱਗ ਪਏ।
ਮਾਂ ਨੇ ਵੀ ਔਖੇ ਸਮੇਂ 'ਚ ਛੱਡਿਆ ਧੀਆਂ ਦਾ ਸਾਥ
ਦਾਰਾ ਸਿੰਘ ਦੀ ਕੁੜੀ ਖਵਾਸਦੀਪ ਕੌਰ ਤੇ ਮਲਕੀਤ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤ ਬਹੁਤ ਜ਼ਿਆਦਾ ਬੁਰੇ ਹੋਣ ਕਰਕੇ ਉਨ੍ਹਾਂ ਦੀ ਮਾਂ ਵੀ ਛੱਡ ਕੇ ਚਲੀ ਗਈ ਅਤੇ ਹੁਣ ਘਰ ਵਿੱਚ ਕੋਈ ਨਾ ਰੋਟੀ ਨਾ ਪਾਣੀ ਉਹ ਗੁਰਦੁਆਰਾ ਸਾਹਿਬ ਤੋਂ ਰੋਟੀ ਲਿਆ ਕੇ ਖਾਂਦੇ ਹਨ ਕਿਉਂਕਿ ਘਰ ਵਿੱਚ ਕਮਾਉਣ ਵਾਲਾ ਉਸਦਾ ਇੱਕ ਹੀ ਭਰਾ ਹੈ ਉਸ ਨੂੰ ਵੀ ਕੋਈ ਦਿਹਾੜੀ ਤੇ ਲੈ ਜਾਂਦਾ ਹੈ ਅਤੇ ਜਦੋਂ ਕੋਈ ਦਿਹਾੜੀ ਤੇ ਨਹੀਂ ਖੜਦਾ ਤਾਂ ਉਹ ਇਸੇ ਤਰ੍ਹਾਂ ਭੁੱਖੇ ਭਾਣੇ ਰਹਿ ਕੇ ਗੁਜ਼ਾਰਾ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੇ ਕਿਤੇ ਬਾਥਰੂਮ ਵਗੈਰਾ ਜਾਣਾ ਹੁੰਦਾ ਹੈ ਤਾਂ ਉਹ ਜਾਂ ਤਾਂ ਆਪਣੇ ਤਾਏ ਦੇ ਘਰੇ ਜਾਂ ਤਾਂ ਖੇਤਾਂ ਵਿੱਚ ਜਾਂਦੇ ਹਨ।

ਧੀਆਂ ਦੀ ਪੜ੍ਹਾਈ ਲਈ ਵੀ ਨਹੀਂ ਰੁਪਇਆ
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਇੰਨਾ ਨਰਕ ਬਣਿਆ ਹੋਇਆ ਹੈ ਉਹ ਤਾਂ ਹੁਣ ਇੱਕ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਕੁੜੀਆਂ ਨੇ ਦੱਸਿਆ ਕਿ ਉਹਨਾਂ ਦੀ ਪੜ੍ਹਨ ਦੀ ਉਮਰ ਹੈ ਪਰ ਘਰ ਦੇ ਹਾਲਾਤਾਂ ਨੂੰ ਵੇਖ ਕੇ ਉਹ ਆਪਣੀ ਪੜ੍ਹਾਈ ਵੀ ਛੱਡ ਕੇ ਘਰੇ ਬੈਠੀਆਂ ਹਨ, ਉਨ੍ਹਾਂ ਨੂੰ ਕੋਈ ਪੜਾਅ ਵੀ ਨਹੀਂ ਰਿਹਾ, ਕਿਉਂਕਿ ਉਹ ਸਕੂਲਾਂ ਵਿੱਚ ਪੈਸੇ ਮੰਗਦੇ ਹਨ ਪਰ ਉਨ੍ਹਾਂ ਕੋਲ ਤਾਂ ਇੱਕ ਰੁਪਈਆ ਵੀ ਨਹੀਂ ਹੈ।
ਇਸ ਮੌਕੇ ਪੀੜਤ ਪਰਿਵਾਰ ਦੇ ਮੁਖੀ ਸਿਦੜੇ ਦਾਰਾ ਸਿੰਘ ਅਤੇ ਉਨ੍ਹਾਂ ਦੀ ਕੁੜੀ ਖਵਾਸਦੀਪ ਕੌਰ ਤੇ ਮਲਕੀਤ ਕੌਰ ਅਤੇ ਮੁੰਡੇ ਜਸਕਰਨ ਸਿੰਘ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਘਰ ਦੇ ਕੁਝ ਹਾਲਾਤ ਸੁਧਾਰ ਦਿੱਤੇ ਜਾਣ।
- PTC NEWS