Faridkot News : ਨਿੱਜੀ ਝਗੜੇ ਦੌਰਾਨ 2 ਮਹਿਲਾਵਾਂ ਨੇ ਪਾੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ,ਪੁਲਿਸ ਵੱਲੋਂ ਦੋਵੇਂ ਔਰਤਾਂ ਕਾਬੂ
Faridkot News : ਫਰੀਦਕੋਟ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 2 ਮਹਿਲਾਵਾਂ ਵੱਲੋਂ ਆਪਸੀ ਝਗੜੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਪਾੜੇ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਆਰੋਪੀ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸੰਜੀਵ ਕੁਮੀਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ। ਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਵੇਂ ਮਹਿਲਾਵਾਂ ਪਿੰਡ ਜਲਾਲੇਆਣਾ (ਜਿਲ੍ਹਾ ਫਰੀਦਕੋਟ) ਦੀਆ ਹੀ ਰਿਹਾਇਸ਼ੀ ਹਨ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆਂ 2 ਮਹਿਲਾਵਾਂ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਿਸ ਵਿੱਚ ਬਹਿਸ ਕਰਦੀਆਂ ਹੋਈਆਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜ਼ੋਰ ਨਾਲ ਹੱਥ ਮਾਰੇ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜ਼ਮੀਨ 'ਤੇ ਡਿੱਗ ਪਏ।
ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ 'ਤੇ ਸਬੰਧਿਤ ਮਹਿਲਾਵਾਂ ਖਿਲਾਫ ਮੁਕੱਦਮਾ ਨੰਬਰ 233 ਮਿਤੀ 26.11.2025 ਅਧੀਨ ਧਾਰਾ 299, 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ। ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਤੁਰੰਤ 'ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਦੋਸ਼ੀ ਦੋਵੇਂ ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਇਹਨਾਂ ਦੋਵੇਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾਂ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੁੰ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ। ਡੀ.ਐਸ.ਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਕਤ ਦੋਵੇਂ ਦੋਸ਼ੀ ਮਹਿਲਾਵਾਂ ਹੁਣ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।
ਇਹਨਾ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਸਮਾਜਕ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਿੰਮਤ ਨਾ ਕਰ ਸਕੇ
- PTC NEWS