Diljit Dosanjh ਦੇ ਘਰ 'ਤੇ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਵੀਡੀਓ ਵਾਇਰਲ
Diljit Dosanjh ਦੇ ਘਰ 'ਤੇ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਮਾਮਲਾ : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਘਰ ਦੇ ਨੇੜੇ ਇੱਕ ਕੰਧ 'ਤੇ ਖਾਲਿਸਤਾਨ ਪੱਖੀ ਅਤੇ ਹੋਰ ਵਿਵਾਦਿਤ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਦਲਜੀਤ ਦੋਸਾਂਝ ਦੇ ਜੱਦੀ ਪਿੰਡ ਦੋਸਾਂਝ ਕਲਾਂ ਨੇੜੇ ਗੁਰਾਇਆ ਵਿਖੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਹੋਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਦੇ ਘਰ ਦੇ ਬਾਹਰ ਨਾਅਰੇ ਲਿਖੇ ਗਏ ਹਨ ਪਰ ਇਹ ਨਾਅਰੇ ਦਿਲਜੀਤ ਦੋਸਾਂਝ ਦੇ ਜੱਦੀ ਘਰ ਦੀ ਬਜਾਏ ਕਿਸੇ ਹੋਰ ਦੇ ਘਰ 'ਤੇ ਲਿਖੇ ਗਏ ਹਨ ਹਾਲਾਂਕਿ ਬਾਅਦ ਵਿਚ ਇਨ੍ਹਾਂ ਨਾਅਰਿਆਂ ਨੂੰ ਮਿਟਾ ਦਿੱਤਾ ਗਿਆ। ਪਰ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ ਜਿਸ ਵਿੱਚ ਦਿਲਜੀਤ ਦਾ ਨਾਮ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਨਾਅਰੇ ਉਸਦੇ ਘਰ ਦੇ ਬਾਹਰ ਲਿਖੇ ਗਏ ਹਨ , ਜਦਕਿ ਇਹ ਨਾਅਰੇ ਦਿਲਜੀਤ ਦੋਸਾਂਝ ਦੇ ਘਰ ਨਹੀਂ ਬਲਕਿ ਘਰ ਦੇ ਨੇੜੇ ਲਿਖੇ ਗਏ ਹਨ।
ਪਿੰਡ ਵਾਸੀ ਮੁਖਤਿਆਰ ਨੇ ਦੱਸਿਆ ਕਿ ਉਹ ਡਰਾਈਵਰੀ ਦਾ ਕੰਮ ਕਰਦਾ ਹੈ। ਉਸ ਮੁਤਾਬਕ ਰਾਤ ਕਰੀਬ 1:30 ਵਜੇ ਉਸ ਨੂੰ ਘਰ ਦੇ ਬਾਹਰੋਂ ਸਪਰੇਅ ਦੀ ਸਮੈੱਲ ਆਈ। ਬਾਹਰ ਆ ਕੇ ਦੇਖਿਆ ਤਾਂ ਕਰੀਬ 4 ਵਿਅਕਤੀ ਕੰਧ ’ਤੇ ਨਾਅਰੇ ਲਿਖ ਰਹੇ ਸਨ। ਉਸ ਵੱਲੋਂ ਵਿਰੋਧ ਕਰਨ ’ਤੇ ਉਹ ਵਿਅਕਤੀ ਆਪਣੀ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਏ।
ਮੁਖਤਿਆਰ ਅਨੁਸਾਰ ਦਿਲਜੀਤ ਦੁਸਾਂਝ ਦਾ ਘਰ ਉਸ ਦੇ ਘਰ ਤੋਂ ਕੁਝ ਹੀ ਦੂਰੀ ’ਤੇ ਹੈ ਅਤੇ ਕਥਿਤ ਤੌਰ ’ਤੇ ਦਿਲਜੀਤ ਦੁਸਾਂਝ ਦੇ ਘਰ ਦੇ ਭੁਲੇਖੇ ਵਿੱਚ ਉਸ ਦੇ ਘਰ ਦੀ ਕੰਧ ’ਤੇ ਹੀ ਨਾਅਰੇ ਲਿਖੇ ਗਏ। ਕੰਧ ’ਤੇ ਕਥਿਤ ਤੌਰ ’ਤੇ ਵੱਖਵਾਦੀ ਨਾਅਰੇ ਲਿਖੇ ਗਏ ਜਿਸ ਦੀ ਸੋਸਲ ਮੀਡੀਆ ਤੇ ਵੀਡੀਓ ਵੀ ਵਾਈਰਲ ਹੋਈ ਹੈ
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਕੇ ਕਥਿਤ ਤੌਰ ’ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਜਾਂਚ ਤੋਂ ਬਾਅਦ ਹੀ ਘਟਨਾ ਨਾਲ ਸਬੰਧਤ ਵਿਅਕਤੀਆਂ ਦੀ ਪਛਾਣ ਅਤੇ ਨਾਅਰੇ ਲਿਖਣ ਦੇ ਕਾਰਨਾਂ ਬਾਰੇ ਸਥਿਤੀ ਹੋਰ ਸਪਸ਼ਟ ਹੋਣ ਦੀ ਉਮੀਦ ਹੈ।
- PTC NEWS