Sri Muktsar Sahib News : ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਵੱਲੋਂ ਤਿੰਨ ਰੋਜ਼ਾ ਦਿਨ-ਰਾਤ ਧਰਨਾ ਸ਼ੁਰੂ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਜਲ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਅੱਜ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆਂ ਵੱਲੋਂ ਤਿੰਨ ਰੋਜ਼ਾ ਦਿਨ-ਰਾਤ ਦਾ ਜ਼ਿਲ੍ਹਾ ਪੱਧਰੀ ਧਰਨਾ ਸ਼ੁਰੂ ਕੀਤਾ ਗਿਆ। ਇਹ ਧਰਨਾ ‘ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ’ ਦੇ ਤਹਿਤ ਤਿੰਨ ਦਿਨਾਂ 2, 3 ਅਤੇ 4 ਦਸੰਬਰ ਲਈ ਤਹਿ ਕੀਤਾ ਗਿਆ ਹੈ। ਕਾਮਿਆਂ ਦੀ ਮੁੱਖ ਮੰਗ ਹੈ ਕਿ ਜਲ ਸਪਲਾਈ ਵਿਭਾਗ ਵਿੱਚ ਕਈ ਸਾਲਾਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਸਬੰਧਤ ਵਿਭਾਗ ਦੇ ਅੰਦਰ ਮਰਜ ਕਰਕੇ ਰੈਗੂਲਰ ਕੀਤਾ ਜਾਵੇ।
ਵਰਤਮਾਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤਾ ਗਿਆ ਉਹ ਵਾਅਦਾ ਕਿ ਸਾਰੇ ਠੇਕਾ ਮੁਲਾਜਮਾਂ ਨੂੰ ਪਹਿਲ ਦੇ ਅਧਾਰ ‘ਤੇ ਪੱਕਾ ਕੀਤਾ ਜਾਵੇਗਾ, ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕਾਮਿਆਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਵਾਂਗ ਹੀ ਮੌਜੂਦਾ ਸਰਕਾਰ ਨੇ ਵੀ 4 ਸਾਲਾਂ ਵਿੱਚ ਉਹਨਾਂ ਦੀਆਂ ਮੰਗਾਂ ‘ਤੇ ਕੋਈ ਢੰਗ ਦਾ ਫੈਸਲਾ ਨਹੀਂ ਲਿਆ। ਇਸਦੇ ਉਲਟ ਉਹਨਾਂ ਨੇ ਆਰੋਪ ਲਗਾਇਆ ਹੈ ਕਿ ਵਿਭਾਗਾਂ ਦੇ ਨਿੱਜੀਕਰਨ ਨੂੰ ਵਧਾਇਆ ਜਾ ਰਿਹਾ ਹੈ, ਜੋ ਕਾਮਿਆਂ ਦੇ ਭਵਿੱਖ ਲਈ ਖ਼ਤਰਾ ਹੈ।
ਧਰਨਾ ਕਰ ਰਹੇ ਕਾਮਿਆਂ ਨੇ ਆਰੋਪ ਲਗਾਇਆ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ-ਸਬ-ਕਮੇਟੀ ਦੇ ਹੁਕਮਾਂ ਤਹਿਤ ਜਲ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਗਈ ਨਵੀਂ ਪਾਲਿਸੀ ਉਹਨਾਂ ਦੇ ਹਿੱਤ ਵਿਰੁੱਧ ਹੈ। ਉਹਨਾਂ ਦੇ ਮੁਤਾਬਕ ਬੇਲੋੜੀਆਂ ਸ਼ਰਤਾਂ ਜੋੜ ਕੇ ਅਤੇ ਕਈ ਮਾਪਦੰਡ ਤੋੜ-ਮਰੋੜ ਕਰ ਪਾਲਿਸੀ ਨੂੰ ਅਜਿਹੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਕਾਮਿਆਂ ਦੇ ਕੱਚੇ ਰੁਜ਼ਗਾਰ ਨੂੰ ਖ਼ਤਰਾ ਹੋ ਸਕਦਾ ਹੈ। ਉਹਨਾਂ ਨੇ ਸਾਫ਼ ਕੀਤਾ ਹੈ ਕਿ ਇਹ ਪਾਲਿਸੀ ਉਹਨਾਂ ਨੂੰ ਮੰਨਜ਼ੂਰ ਨਹੀਂ ਅਤੇ ਉਹ ਇਸ ਨੂੰ ਮੁੱਢੋਂ ਰੱਦ ਕਰਦੇ ਹਨ।
ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਇਨਲਿਸਟਮੈਂਟ ਅਤੇ ਆਊਟਸੋਰਸ ਵਰਕਰਾਂ ਨੂੰ ਵਿਭਾਗ ਵਿੱਚ ਸਿੱਧੇ ਕੰਟਰੈਕਟ ‘ਤੇ ਲਿਆਂਦਾ ਜਾਵੇ ਅਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ। ਨਾਲ ਹੀ EPF ਅਤੇ ESIC ਵਰਗੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਿੰਨ ਦਿਨਾਂ ਦੇ ਧਰਨੇ ਤੋਂ ਬਾਅਦ ਵੀ ਮੰਗਾਂ ‘ਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼
- PTC NEWS