ਕੌਣ ਸੀ ਪਰਵਿੰਦਰ ਸਿੰਘ ਝੋਟਾ ਜਿਸ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕੀਤਾ ਕਤਲ
Parvinder Singh Jhota: ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ ਹੈ। ਇੱਕ ਫਾਇਰ ਪਰਵਿੰਦਰ ਸਿੰਘ ਝੋਟਾ ਦੇ ਸੱਜੇ ਪੱਟ ਅਤੇ ਦੋ ਫਾਇਰ ਪੇਟ ਵਿਚ ਹੋਏ ਹਨ। ਜਾਣਕਾਰੀ ਮੁਤਾਬਕ ਘਟਨਾ ਵਿੱਚ ਚਾਰ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਿਕ ਦੀ ਮੈਡੀਕਲ ਸਟੋਰ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਬਾਰੇ ਬਹਿਸ ਹੋ ਰਹੀ ਹੈ।
ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਿਕ ਖਿਲਾਫ਼ ਪੁਲਿਸ ਨੂੰ ਫੋਨ ਕਰਨ ਦੀ ਗੱਲ ਕਹਿ ਰਹੇ ਹਨ। ਵੀਡੀਓ ਵਿੱਚ ਅਸ਼ਵਨੀ ਕੋਲ ਪਿਸਤੌਲ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਜਿਸ ਵਿੱਚ ਝੋਟਾ, ਦੁਕਾਨ ਮਾਲਿਕ ਨੂੰ ਪਿਸਤੌਲ ਨਾਲ ਫਾਇਰ ਕਰਨ ਲਈ ਲਲਕਾਰਦੇ ਵੀ ਸੁਣਾਈ ਦੇ ਰਹੇ ਹਨ।
ਕੁਝ ਸਮੇਂ ਬਾਅਦ ਫਾਇਰ ਹੁੰਦਾ ਹੈ ਜੋ ਕਿ ਪਰਮਿੰਦਰ ਸਿੰਘ ਝੋਟਾ ਨੂੰ ਲਗਦਾ ਹੈ। ਉਹ ਮੈਡੀਕਲ ਸਟੋਰ ਤੋਂ ਬਾਹਰ ਹੋ ਕੇ ਕਿਸੇ ਹੋਰ ਦੁਕਾਨ ਵਿੱਚ ਲੁਕਣ ਲਈ ਜਾਂਦੇ ਹਨ। ਇੱਕ ਹੋਰ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਅਸ਼ਵਨੀ ਨਾਮੀ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਬਜ਼ਾਰ ਵਿੱਚ ਪਿੱਛੇ ਜਾਂਦਾ ਹੈ। ਇੱਕ ਹੋਰ ਫਾਇਰ ਹੋਣ ਦੀ ਅਵਾਜ਼ ਇਸ ਵੀਡੀਓ ਵਿਚ ਸੁਣਾਈ ਦਿੰਦੀ ਹੈ ਅਤੇ ਫਿਰ ਉਹ ਸ਼ਖਸ ਪਿਸਤੌਲ ਲੈ ਕੇ ਵਾਪਸ ਸਟੋਰ ਵੱਲ ਮੁੜ ਜਾਂਦਾ ਹੈ।
ਜਾਣਕਾਰੀ ਮੁਤਾਬਕ ਜ਼ਖਮੀ ਹਾਲਤ ਵਿਚ ਪਰਮਿੰਦਰ ਸਿੰਘ ਝੋਟਾ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਲਿਜਾਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਨਸਾ ਦੇ ਐੱਸਐੱਮਓ ਡਾਕਟਰ ਗੁਰਮੇਲ ਸਿੰਘ ਮੁਤਾਬਕ ਦੋ ਹੋਰ ਜਣਿਆਂ ਨੂੰ ਗੋਲੀ ਲੱਗੀ ਹੈ, ਜਿਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਦੋ ਜਣਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪਰਵਿੰਦਰ ਸਿੰਘ ਝੋਟਾ ਪੰਜਾਬ ਦੇ ਸ਼ਹਿਰ ਮਾਨਸਾ ਦਾ ਰਹਿਣ ਵਾਲੇ ਹਨ। ਉਹ ਫ਼ਰੀ ਸਟਾਈਲ ਕਬੱਡੀ ਖਿਡਾਰੀ ਵੀ ਰਹੇ ਹਨ। ਉਹ 'ਐਂਟੀ ਡਰੱਗ ਟਾਸਕ ਫੋਰਸ' ਬਣਾਉਣ ਨਾਲ ਕੁਝ ਸਾਲ ਪਹਿਲਾਂ ਚਰਚਾ ਵਿਚ ਆਏ ਸਨ ਜਦੋਂ ਆਪਣਾ ਸੰਗਠਨ ਬਣਾ ਕੇ ਕਥਿਤ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ।
ਜੁਲਾਈ 2023 ਦੀ ਰਿਪੋਰਟ ਮੁਤਾਬਕ ਪਹਿਲਾਂ ਵੀ ਪਰਵਿੰਦਰ ਝੋਟਾ ਅਤੇ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਕੁਮਾਰ ਵਿਚਕਾਰ ਵਿਵਾਦ ਰਿਹਾ ਹੈ। ਪੁਲਿਸ ਦੇ ਇੱਕ ਅਧਿਕਾਰੀ ਮੁਤਾਬਕ, 12 ਜੁਲਾਈ 2023 ਦੀ ਸ਼ਾਮ ਪਰਵਿੰਦਰ ਸਿੰਘ ਝੋਟਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਆਪਣੇ 7-8 ਸਮਰਥਕਾਂ ਨਾਲ ਮੈਡੀਕਲ ਸਟੋਰ ਅੰਦਰ ਦਾਖ਼ਲ ਹੋ ਗਿਆ ਅਤੇ ਸਟੋਰ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਮਿਲਿਆ। ਪੁਲਿਸ ਮੁਤਾਬਕ, ਫਿਰ ਝੋਟਾ ਨੇ ਜ਼ਬਰਦਸਤੀ ਉਸ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਅਤੇ ਮਾਲਕ ਅਸ਼ਵਨੀ ਕੁਮਾਰ ਦੇ ਗਲ਼ੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਮੁੱਖ ਬਾਜ਼ਾਰ, ਮਾਨਸਾ ਰਾਹੀਂ ਸਿਟੀ ਥਾਣੇ ਲੈ ਗਿਆ। ਇਸੇ ਘਟਨਾ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਸੁਰਖੀਆਂ ਵਿੱਚ ਆਇਆ ਸੀ।
ਅਸ਼ਵਨੀ ਕੁਮਾਰ ਵਿਰੁੱਧ 188 ਆਈਪੀਸੀ ਤਹਿਤ ਐੱਫਆਈਆਰ ਦਰਜ ਕੀਤੀ ਗਈ ਅਤੇ ਫਿਰ ਉਨ੍ਹਾਂ ਨੂੰ ਉਸੇ ਰਾਤ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਪਰ ਪੁਲਿਸ ਨੇ ਸਾਰੀ ਘਟਨਾ ਦਾ ਖ਼ੁਦ ਨੋਟਿਸ ਲੈਂਦਿਆਂ ਪਰਵਿੰਦਰ ਸਿੰਘ ਉਰਫ਼ ਝੋਟਾ ਅਤੇ 5 ਹੋਰਾਂ ਖ਼ਿਲਾਫ਼ ਧਾਰਾ 355, 451, 323,148,149 ਆਈਪੀਸੀ ਤਹਿਤ ਐੱਫਆਈਆਰ ਦਰਜ ਕਰ ਲਈ ਪਰਵਿੰਦਰ ਝੋਟਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਸੀ।
ਜੁਲਾਈ 2023 ਨੂੰ ਪੁਲਿਸ ਦਾ ਇਲਜ਼ਾਮ ਸੀ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਝੋਟਾ ਇਕੱਲਾ ਅਤੇ ਇੱਕ ਵਾਰ ਆਪਣੇ ਇੱਕ ਸਾਥੀ ਨਾਲ ਮੈਡੀਕਲ ਦੀ ਦੁਕਾਨ 'ਤੇ ਗਿਆ ਸੀ ਅਤੇ ਮਾਲਕ ਦੇ ਵਿਰੋਧ ਦੇ ਬਾਵਜੂਦ ਦੁਕਾਨ ਦੇ ਦਰਾਜ 'ਚੋਂ ਪੈਸੇ ਕੱਢ ਲਏ ਸੀ।ਇਸੇ ਤਰ੍ਹਾਂ ਉਹ ਹੋਰਾਂ ਨੂੰ ਵੀ ਪੈਸੇ ਦੇਣ ਲਈ ਧਮਕੀਆਂ ਦੇਣ ਦਾ ਇਲਜ਼ਾਮ ਸੀ। ਉਸ ਦੇ ਖ਼ਿਲਾਫ਼ ਕਈ ਮਾਮਲੇ ਵੀ ਦਰਜ ਕੀਤੇ ਗਏ ਹਨ ਤੇ ਉਸ ਨੂੰ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ। ਪਰ ਨਾਲ ਹੀ ਕਈ ਮਾਮਲਿਆਂ ਵਿਚ ਉਸ ਨੂੰ ਬਰੀ ਵੀ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪੁਲਿਸ ਵੱਲੋਂ ਝੋਟਾ ਨੂੰ 5 ਜੂਨ 2023 ਨੂੰ ਇੱਕ ਇਰਾਦਾ-ਏ-ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।ਉਸ ਵੇਲੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਾਨਸਾ ਸ਼ਹਿਰ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਮਗਰੋਂ ਪੁਲਿਸ ਨੇ ਮਾਮਲੇ ਨੂੰ ਵਾਪਿਸ ਲੈ ਕੇ ਝੋਟਾ ਨੂੰ ਛੱਡ ਦਿੱਤਾ ਗਿਆ ਸੀ।
- PTC NEWS