Gurdaspur News : ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ 'ਚ ਮਹਿਲਾ ਦੀ ਪਾਣੀ 'ਚ ਡੁੱਬਣ ਕਾਰਨ ਹੋਈ ਮੌਤ
Gurdaspur News : ਪੰਜਾਬ ਵਿਚ ਪਿਛਲੇ ਦਿਨੀਂ ਪਏ ਮੀਂਹ ਅਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਮਾਲੀ ਨੁਕਸਾਨ ਦੇ ਨਾਲ ਨਾਲ ਹੁਣ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਤਾਜ਼ਾ ਮਾਮਲਾ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ ਤੋਂ ਸਾਹਮਣੇ ਆਇਆ ਹੈ, ਜਿੱਥੇ ਪਾਣੀ ਵਿੱਚ ਡੁੱਬਣ ਕਾਰਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ।
ਮ੍ਰਿਤਕ ਮਹਿਲਾ ਦੀ ਪਛਾਣ ਕੁਲਵਿੰਦਰ ਕੌਰ ਵਜੋਂ ਹੋਈ ਹੈ। ਕੁਲਵਿੰਦਰ ਕੌਰ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਮਹਿਲਾ ਆਪਣੇ ਘਰ ਤੋਂ ਗੁਰਦੁਆਰਾ ਸਾਹਿਬ ਵਿੱਚ ਆਪਣੇ ਬਜ਼ੁਰਗ ਭਰਾ ਦੇ ਨਾਲ ਆਈ ਸੀ। ਪਾਣੀ ਜਿਆਦਾ ਸੀ ,ਜਦੋਂ ਵਾਪਸ ਘਰ ਜਾਣ ਲੱਗੀ ਤਾਂ ਸੜਕ ਤੋਂ ਪੈਰ ਤਿਲਕਿਆ ਤੇ ਉਹ ਇੱਕ ਪੈਲੀ ਦੇ ਵਿੱਚ ਡਿੱਗ ਗਈ। ਪਾਣੀ ਜ਼ਿਆਦਾ ਹੋਣ ਕਾਰਨ ਮਹਿਲਾ ਕੁਲਵਿੰਦਰ ਕੌਰ ਕੁਝ ਦੂਰੀ ਤੱਕ ਰੁੜ੍ਹਦੀ ਗਈ।
ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਕੁਲਵਿੰਦਰ ਕੌਰ ਨੂੰ ਦੇਖਿਆ ਅਤੇ ਉਸ ਨੂੰ ਬਾਹਰ ਕੱਢਿਆ। ਮਹਿਲਾ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਜਾਂਦਾ ਗਿਆ ਤਾਂ ਉੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਕੁਲਵਿੰਦਰ ਕੌਰ ਦੇ ਭਰਾ ਅਤੇ ਸਥਾਨਕ ਲੋਕਾਂ ਨੇ ਕਿਹਾ ਕਿ ਕੁਲਵਿੰਦਰ ਕੌਰ ਗੁਰਦੁਆਰਾ ਸਾਹਿਬ 'ਚ ਆਈ ਸੀ। ਪਾਣੀ ਵਧਣ ਕਰਕੇ ਕੁਝ ਸਮਾਂ ਉਸ ਨੂੰ ਉੱਥੇ ਰੁਕਣਾ ਪਿਆ ਪਰ ਕੁਲਵਿੰਦਰ ਕੌਰ ਜਦੋਂ ਵਾਪਸ ਘਰ ਜਾਣ ਲੱਗੀ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਉਸਦੀ ਮੌਤ ਹੋ ਗਈ।
ਬਰਨਾਲਾ 'ਚ ਮੀਂਹ ਕਰਕੇ ਡਿੱਗੀ ਘਰ ਦੀ ਛੱਤ, ਘਰ ਦੇ ਮੁਖੀ ਦੀ ਮੌਤ
ਬਰਨਾਲਾ ਤੋਂ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿਥੇ ਘਰ ਦੀ ਛੱਤ ਡਿੱਗ ਗਈ ਹੈ ਤੇ ਘਰ ਦੇ 5 ਮੈਂਬਰ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਹਾਦਸੇ ਵਿਚ ਘਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਤੇ ਪਤਨੀ ਤੇ 2 ਬੱਚਿਆਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੈ। ਮ੍ਰਿਤਕ ਦੀ ਪਛਾਣ ਲਖਬੀਰ ਸਿੰਘ ਵਜੋਂ ਹੋਈ ਹੈ।
ਦੱਸ ਦੇਈਏ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਬਾਰਿਸ਼ ਕਰਕੇ ਪੰਜਾਬ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਆ ਚੁੱਕਾ ਹੈ। ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਗੁਰਦਾਸਪੁਰ ਦੇ ਕਈ ਪਿੰਡਾਂ ਵਿੱਚ ਮੀਂਹ ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਬੀਤੇ ਦਿਨ ਪਾਣੀ ਨਾਲ ਘਿਰੇ ਘਰਾਂ ਵਿੱਚ ਫਸੇ ਕਈ ਲੋਕਾਂ ਦਾ ਪ੍ਰਸ਼ਾਸਨ ਅਤੇ ਐਨਡੀਆਰਐਫ-ਐਸਡੀਆਰਐਫ ਟੀਮਾਂ ਵਲੋਂ ਰੈਸਕਿਊ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ।
- PTC NEWS