MLA Kashmir Singh Sohal passes away : ਤਰਨਤਾਰਨ ਤੋਂ 'ਆਪ' ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਕਰਕੇ ਉਹ ਸਿਆਸੀ ਸਰਗਰਮੀਆਂ ਤੋਂ ਦੂਰ ਸਨ। ਉਨ੍ਹਾਂ ਅੰਮ੍ਰਿਤਸਰ ਦੇ ਐਸਕੋਰਟ ਹਸਪਤਾਲ ਵਿਚ ਆਖਰੀ ਸਾਹ ਲਏ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।ਮੁੱਖ ਮੰਤਰੀ ਨੇ ਸੰਦੇਸ਼ 'ਤੇ ਲਿਖਿਆ- ਸਾਡੀ ਪਾਰਟੀ ਦੇ ਤਰਨਤਾਰਨ ਤੋਂ ਸਤਿਕਾਰਯੋਗ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਅਚਾਨਕ ਦਿਹਾਂਤ ਦੀ ਦੁਖਦਾਈ ਖ਼ਬਰ ਮਿਲੀ। ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ, ਉਹ ਪਾਰਟੀ ਦੇ ਇੱਕ ਮਿਹਨਤੀ ਅਤੇ ਸੰਘਰਸ਼ਸ਼ੀਲ ਨੇਤਾ ਸਨ। ਇਸ ਦੁਖਦਾਈ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ। ਪਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਇਸ ਔਖੇ ਸਮੇਂ ਵਿੱਚ ਪਰਿਵਾਰ ਅਤੇ ਅਜ਼ੀਜ਼ਾਂ ਨੂੰ ਧੀਰਜ ਅਤੇ ਹਿੰਮਤ ਦੇਵੇ।ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਨਵਜੋਤ ਕੌਰ ਹੁੰਦਲ, ਇੱਕ ਪੁੱਤਰ ਅਤੇ ਧੀ ਹਨ। ਉਨ੍ਹਾਂ ਦੇ ਦੋਵੇਂ ਬੱਚੇ ਡਾਕਟਰ ਹਨ।ਪਿੰਡ ਡੇਰਾ ਸੋਹਲ 'ਚ ਹੋਇਆ ਸੀ ਜਨਮ20 ਫਰਵਰੀ 1959 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਡੇਰਾ ਸੋਹਲ ਦੇ ਵਸਨੀਕ ਕੁੰਦਨ ਸਿੰਘ ਦੇ ਘਰ ਜਨਮੇ ਡਾ. ਕਸ਼ਮੀਰ ਸਿੰਘ ਸੋਹਲ ਕਾਲਜ ਦੀ ਪੜ੍ਹਾਈ ਤੋਂ ਬਾਅਦ ਡਾਕਟਰੀ ਖੇਤਰ ਵਿੱਚ ਸ਼ਾਮਲ ਹੋਏ। ਮੈਡੀਕਲ ਕਾਲਜ, ਅੰਮ੍ਰਿਤਸਰ ਵਿੱਚ ਪੜ੍ਹਦੇ ਸਮੇਂ, ਉਹ ਵਿਦਿਆਰਥੀ ਵਿੰਗ ਵਿੱਚ ਸਰਗਰਮ ਸਨ। ਉਨ੍ਹਾਂ ਨੇ ਉਸ ਸਮੇਂ ਮੈਡੀਕਲ ਅਫਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਜਦੋਂ ਪੰਜਾਬ ਵਿੱਚ ਅੱਤਵਾਦ ਆਪਣੇ ਸਿਖਰ 'ਤੇ ਸੀ। 1986 ਵਿੱਚ ਮੀਆਂਵਿਦ ਹਸਪਤਾਲ ਵਿੱਚ ਆਪਣੀ ਤਾਇਨਾਤੀ ਦੌਰਾਨ, ਉਨ੍ਹਾਂ ਨੇ ਸਮਾਜ ਸੇਵਾ ਕਰਨ ਦਾ ਵੀ ਫੈਸਲਾ ਕੀਤਾ।2014 'ਚ 'ਆਪ' 'ਚ ਹੋਏ ਸਨ ਸ਼ਾਮਲਡਾ. ਕਸ਼ਮੀਰ ਸਿੰਘ ਸੋਹਲ ਨੇ ਤਰਨਤਾਰਨ ਵਿੱਚ ਸਿਟੀਜ਼ਨ ਕੌਂਸਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰੀ ਹਸਪਤਾਲ ਵਿੱਚ ਅੱਖਾਂ ਦੇ ਮਾਹਰ ਵਜੋਂ ਸੇਵਾ ਨਿਭਾਉਂਦੇ ਹੋਏ, ਉਨ੍ਹਾਂ ਦਾ ਤਬਾਦਲਾ ਸਿਵਲ ਹਸਪਤਾਲ ਤਰਨਤਾਰਨ ਵਿੱਚ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਮਾਪਿਆਂ ਦੀ ਐਸੋਸੀਏਸ਼ਨ ਬਣਾ ਕੇ ਸਕੂਲਾਂ ਵਿੱਚ ਵੱਧ ਰਹੀਆਂ ਫੀਸਾਂ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਨੇ ਤਰਨਤਾਰਨ ਨੂੰ ਜ਼ਿਲ੍ਹਾ ਬਣਾਉਣ ਲਈ ਇੱਕ ਲੰਬੀ ਭੁੱਖ ਹੜਤਾਲ ਵਿੱਚ ਵੀ ਹਿੱਸਾ ਲਿਆ ਸੀ। 2013 ਵਿੱਚ, ਐਸਐਮਓ ਵਜੋਂ, ਡਾ. ਸੋਹਲ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਅਤੇ ਸਮਾਜ ਸੇਵਾ ਕਰਨੀ ਸ਼ੁਰੂ ਕਰ ਦਿੱਤੀ। 2014 ਵਿੱਚ, ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਦਿਨ-ਰਾਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਵੱਲੋਂ ਤਰਨਤਾਰਨ ਤੋਂ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਪ੍ਰਾਪਤ ਕਰਕੇ ਵਿਧਾਇਕ ਚੁਣੇ ਗਏ ਸਨ।