ਪਾਇਲਟ ਪ੍ਰਾਜੈਕਟ ਵਜੋਂ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਤੇ ਬੁੱਢਾ ਦਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੱਕ-ਦੂਸਰੇ ਸਕੂਲ 'ਚ ਲਾਈਆਂ ਕਲਾਸਾਂ
ਪਟਿਆਲਾ, 7 ਫਰਵਰੀ: ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਬਾਰੇ ਬਣੀ ਮਿੱਥ ਕਿ 'ਸਰਕਾਰੀ ਸਕੂਲ ਨਿਜੀ ਸਕੂਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ' ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਨੂੰ ਨਾਲ ਲੈਕੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਲਰਨਿੰਗ ਸਟੂਡੈਂਟਸ ਐਕਸਚੇਂਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਪਾਇਲਟ ਪ੍ਰਾਜੈਕਟ ਵਜੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਟਾਊਨ ਤੇ ਬੁੱਢਾ ਦਲ ਪਬਲਿਕ ਸਕੂਲ ਦੇ 9 ਅਤੇ 12ਵੀਂ ਜਮਾਤਾਂ ਦੇ 10-10 ਵਿਦਿਆਰਥੀਆਂ ਤੇ ਦੋ-ਦੋ ਅਧਿਆਪਕਾਂ ਨੇ ਇੱਕ ਦੂਸਰੇ ਸਕੂਲ 'ਚ ਜਾਕੇ ਜਮਾਤਾਂ ਲਗਾਈਆਂ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੋਵਾਂ ਸਕੂਲਾਂ 'ਚ ਜਾ ਕੇ ਜਿੱਥੇ ਵਿਦਿਆਰਥੀਆਂ ਨਾਲ ਬੈਠਕੇ ਜਮਾਤਾਂ 'ਚ ਪੜ੍ਹਾਈ ਕਰਵਾ ਰਹੇ ਅਧਿਆਪਕਾਂ ਨੂੰ ਸੁਣਿਆਂ ਉਥੇ ਹੀ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਇਸ ਪ੍ਰਾਜੈਕਟ ਬਾਰੇ ਵਿਚਾਰ ਵਿਦਿਆਰਥੀਆਂ ਦੇ ਵਿਚਾਰ ਵੀ ਜਾਣੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜਿਸ ਤਰ੍ਹਾਂ ਸਿੱਖਿਆ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਉਸ ਤਹਿਤ ਨਿਜੀ ਤੇ ਸਰਕਾਰੀ ਸਕੂਲਾਂ 'ਚ ਆਪਸੀ ਭਾਈਵਾਲੀ ਨਾਲ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ ਪਾਇਲਟ ਪ੍ਰਾਜੈਕਟ ਵਜੋਂ ਮਾਡਲ ਟਾਊਨ ਸਕੂਲ ਤੇ ਬੁੱਢਾ ਦਲ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਇੱਕੋ ਜਮਾਤ ਵਿੱਚ ਬਿਠਾ ਕੇ ਆਪਸੀ ਗਿਆਨ 'ਚ ਵਾਧਾ ਕਰਨ ਦਾ ਤਜਰਬਾ ਕੀਤਾ ਗਿਆ ਹੈ।
ਸਾਕਸ਼ੀ ਸਾਹਨੀ ਨੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ, ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਦੇ ਪ੍ਰਿੰਸੀਪਲ ਡਾ. ਬਲਬੀਰ ਸਿੰਘ ਜੌੜਾ ਅਤੇ ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਨਾਲ ਵੀ ਗੱਲਬਾਤ ਕੀਤੀ ਅਤੇ ਅਧਿਆਪਕਾਂ ਨਾਲ ਇਸ ਪ੍ਰੋਗਰਾਮ ਦੀ ਸਫ਼ਲਤਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਫੀਡਬੈਕ ਮੁਤਾਬਕ ਇਸ ਪ੍ਰੋਗਰਾਮ ਨੂੰ ਤਿੰਨ ਦਿਨਾਂ ਦਾ ਕੀਤਾ ਜਾਵੇਗਾ ਤਾਂ ਕਿ ਲੋਕਾਂ ਵਿੱਚ ਸਰਕਾਰੀ ਸਕੂਲਾਂ ਬਾਰੇ ਬਣੀ ਮਿੱਥ ਕਿ ਇਹ ਨਿਜੀ ਸਕੂਲਾਂ ਦੇ ਮੁਕਾਬਲੇ ਦੇ ਨਹੀਂ ਹਨ, ਨੂੰ ਤੋੜਿਆ ਜਾਵੇ।
ਜਦੋਂਕਿ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਐਕਸਚੇਂਜ ਪ੍ਰੋਗਰਾਮ ਦਾ ਹਿੱਸਾ ਬਣਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨੇ ਦੂਜੇ ਸਕੂਲ ਵਿੱਚ ਜਾ ਕੇ ਜਿੱਥੇ ਦੂਸਰੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਸਿੱਖਿਆ ਬਾਰੇ ਗੱਲਬਾਤ ਕੀਤੀ, ਉਥੇ ਹੀ ਦੂਸਰੇ ਸਕੂਲ ਦੇ ਮਾਹੌਲ ਬਾਰੇ ਜਾਣਕਾਰੀ ਵੀ ਪ੍ਰਾਪਤ ਹੋਈ ਹੈ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਹੋਣੇ ਚਾਹੀਦੇ ਹਨ ਅਤੇ ਇਹ ਇੱਕ ਦਿਨ ਦੀ ਬਜਾਇ 3 ਜਾਂ ਵਧੇਰੇ ਦਿਨਾਂ ਦੇ ਹੋਣ ਤਾਂ ਕਿ ਉਨ੍ਹਾਂ ਨੂੰ ਆਪਣੇ ਬੌਧਿਕ ਪੱਧਰ ਨੂੰ ਹੋਰ ਉਚਾ ਚੁੱਕਣ ਲਈ ਦੂਸਰੇ ਸਕੂਲਾਂ ਦਾ ਮਾਹੌਲ ਵੀ ਮਿਲ ਸਕੇ।
- PTC NEWS