ਮੁੱਖ ਖਬਰਾਂ

ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰਾਂ ਵਲੋਂ ਦਲਿਤ ਪਰਿਵਾਰ ਨਾਲ ਧੱਕਾ, ਪਿਓ-ਪੁੱਤ ਨੂੰ ਅਗਵਾ ਕਰ ਬਣਾਇਆ ਬੰਧੂਆ ਮਜ਼ਦੂਰ

By Jasmeet Singh -- April 24, 2022 5:51 pm -- Updated:April 24, 2022 11:14 pm

ਅੰਮ੍ਰਿਤਸਰ, 24 ਅਪ੍ਰੈਲ 2022: ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਗਾਲਿਬ ਵਿੱਚ ਇਹ ਮਾਮਲਾ ਉਸ ਸਮੇਂ ਸਨਸਨੀਖੇਜ਼ ਬਣ ਗਿਆ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੇ ਭਤੀਜੇ ਪਿੰਡ ਗਾਲਿਬ ਵਾਸੀ 22 ਸਾਲਾ ਹਰਜੀਤ ਸਿੰਘ ਅਤੇ ਉਸ ਦੇ ਪਿਤਾ ਕੁਲਵੰਤ ਸਿੰਘ (45) ਨੂੰ ਅਗਵਾ ਕਰ ਲੈ ਗਏ ਅਤੇ ਉਨ੍ਹਾਂ ਤੋਂ ਬੰਧੂਆ ਮਜ਼ਦੂਰੀ ਕਰਵਾਈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਭਲਕੇ ਕਰਨਗੇ ਦਿੱਲੀ ਦੇ ਸਕੂਲਾਂ ਤੇ ਕਲੀਨਿਕਾਂ ਦਾ ਦੌਰਾ

ਹਰਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਗੁਰਜੀਤ ਸਿੰਘ ਨਾਂਅ ਦਾ ਵਿਅਕਤੀ ਜੋ ਕਿ ਰਮਦਾਸ ਦੇ ਪਿੰਡ ਧਾਰੋਵਾਲੀ ਦਾ ਵਸਨੀਕ ਹੈ ਅਤੇ ਆਪਣੇ ਆਪ ਨੂੰ ਮੌਜੂਦਾ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦਾ ਰਿਸ਼ਤੇਦਾਰ ਦੱਸਦਾ ਹੈ। ਉਨ੍ਹੇ ਸਿਖਰ ਤੱਕ ਆਪਣੀ ਸਿਆਸੀ ਪਹੁੰਚ ਕਾਰਨ ਕਾਨੂੰਨ ਨੂੰ ਹੱਥਾਂ 'ਚ ਲੈ ਲਿਆ ਤੇ ਦੋਵਾਂ ਨੂੰ ਅਗਵਾ ਕਰ ਲਿਆ।

ਪੀੜਤ ਨੇ ਦੱਸਿਆ ਕਿ ਉਹ ਅਤੇ ਉਸ ਦਾ ਵੱਡਾ ਭਰਾ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਗੁਰਜੀਤ ਸਿੰਘ ਦੀ ਕਣਕ ਕੱਟਣ ਵਾਲੀ ਮਸ਼ੀਨ 'ਤੇ ਕੰਮ ਕਰ ਰਹੇ ਸਨ ਪਰ ਗੁਰਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਪੂਰੇ ਪੈਸੇ ਨਹੀਂ ਦਿੱਤੇ ਗਏ, ਜਿਸ ਕਾਰਨ ਉਨ੍ਹਾਂ ਗੁੱਸੇ 'ਚ ਆ ਕੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਹੀ ਗੁਰਜੀਤ ਤੋਂ 1,30,000 ਰੁਪਏ ਲੈ ਲਏ ਸਨ ਪਰ ਗੁਰਜੀਤ ਦੇ ਰਵੱਈਏ ਤੋਂ ਤੰਗ ਆ ਕੰਮ ਨਹੀਂ ਕੀਤਾ। ਉਨ੍ਹਾਂ ਗੁਰਜੀਤ ਨੂੰ ਪੈਸੇ ਵਾਪਿਸ ਕਰਨ ਦੀ ਗੱਲ ਕਹਿ ਕੇ ਕੰਮ ਛੱਡ ਦਿੱਤਾ। ਜਿਸ ਕਾਰਨ ਗੁਰਜੀਤ ਸਿੰਘ ਗੁੱਸੇ 'ਚ ਆ ਗਿਆ ਅਤੇ ਉਸ ਨੇ ਆਪਣੇ ਦੇ ਛੋਟੇ ਭਰਾ ਸੋਨੂੰ ਤੇ 10 ਸਾਥੀਆਂ ਸਮੇਤ ਮਿਲ ਕੇ ਉਸਦੇ ਘਰੇ ਹਮਲਾ ਕਰ ਦਿੱਤਾ, ਉਸਦੇ ਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਤੇ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿਚ ਉਸਦੇ ਪਿਤਾ ਕੁਲਵੰਤ ਸਿੰਘ ਤੇ ਉਸਨੂੰ ਅਗਵਾ ਕਰਕੇ ਕਿਸੀ ਅਗਿਆਤ ਜਗ੍ਹਾ 'ਤੇ ਲੈ ਗਏ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਚੌਕੀ ਗੱਗੋ ਮਾਹਲ 'ਚ ਸਾਰੀ ਘਟਨਾ ਦੱਸਦਿਆਂ ਸ਼ਿਕਾਇਤ ਦਿੱਤੀ ਪਰ ਪੁਲਿਸ ਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੋਵਾਂ ਨੂੰ ਲੱਭਣਾ ਮੁਨਾਸਿਬ ਨਹੀਂ ਸਮਝਿਆ | ਕੋਈ ਕਾਰਵਾਈ ਨਾ ਹੁੰਦਿਆਂ ਵੇਖ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਵੀ ਗੁਹਾਰ ਲਾਈ ਪਰ ਸ਼ਾਮ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ।

ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵਾਲਮੀਕਿ ਸੁਧਾਰ ਸਭਾ ਦੇ ਚੇਅਰਮੈਨ ਪੰਕਜ ਨਾਥ ਸ਼ੇਰਗਿੱਲ ਨਾਲ ਸੰਪਰਕ ਕੀਤਾ। ਪੰਕਜ ਨਾਥ ਸ਼ੇਰਗਿੱਲ ਨੇ ਘਟਨਾ ਸਬੰਧੀ ਸਾਰੀ ਜਾਣਕਰੀ ਐਸਡੀਐਮ ਅਜਨਾਲਾ ਅਤੇ ਡੀ.ਐਸ.ਪੀ ਅਜਨਾਲਾ ਨੂੰ ਸੂਚਿਤ ਕੀਤਾ ਗਿਆ। ਉਦੋਂ ਤੱਕ ਪੁਲਿਸ ਦੇ ਹੱਥ ਵੀ ਖਾਲੀ ਸਨ ਪਰ ਐਸਡੀਐਮ ਅਤੇ ਡੀਐਸਪੀ ਨੂੰ ਫੋਨ ਜਾਣ ਤੋਂ ਬਾਅਦ ਗੁਰਜੀਤ ਸਿੰਘ ਨੇ ਦੋਵਾਂ ਪਿਓ-ਪੁੱਤ ਨੂੰ ਰਿਹਾਅ ਕਰ ਦਿੱਤਾ।

ਇਸ ਤੋਂ ਬਾਅਦ ਹਰਜੀਤ ਸਿੰਘ ਅਤੇ ਉਸ ਦੇ ਪਿਤਾ ਕੁਲਵੰਤ ਸਿੰਘ ਮੌਕੇ 'ਤੇ ਪੁਲਸ ਚੌਕੀ ਪਹੁੰਚੇ ਅਤੇ ਆਪਣੀ ਹੱਡਬੀਤੀ ਸੁਣਾਈ, ਜਿਸ 'ਚ ਹਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਜ਼ਲੀਲ ਕੀਤਾ ਗਿਆ ਅਤੇ ਬਾਅਦ 'ਚ ਅਪਮਾਨਜਨਕ ਸ਼ਬਦਾਂ ਦੇ ਨਾਲ-ਨਾਲ ਜਾਤੀ ਸੂਚਕ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ। ਇਸ ਸਾਰੀ ਘਟਨਾ ਨੂੰ ਲੈ ਕੇ ਦਲਿਤ ਸਮਾਜ ਨਾਲ ਸਬੰਧਤ ਹਰਜੀਤ ਸਿੰਘ ਅਤੇ ਉਸ ਦੇ ਪਿਤਾ ਕੁਲਵੰਤ ਸਿੰਘ ਨੇ ਪ੍ਰਸ਼ਾਸਨ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਹੁਣ ਗੁਰਜੀਤ ਸਿੰਘ ਵੱਲੋਂ ਸਿਆਸੀ ਸ਼ਹਿ ਦੀ ਵਰਤੋਂ ਕਰਦਿਆਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਹੈ ਕੇ ਸਮਝੌਤਾ ਕਰਨ ਪਰ ਪੀੜਤ ਦਲਿਤ ਪਰਿਵਾਰ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।

ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ ਸਖ਼ਤ ਹੁਕਮ- ਜੁਗਾੜੂ ਰੇਹੜੀਆਂ ਖ਼ਿਲਾਫ਼ ਲਏ ਐਕਸ਼ਨ 'ਤੇ ਲਗਾਈ ਰੋਕ

ਇਸ ਮੌਕੇ ਦਵਿੰਦਰ ਸਿੰਘ ਸਬ-ਇੰਸਪੈਕਟਰ ਪੁਲਿਸ ਚੌਕੀ ਇੰਚਾਰਜ ਗੱਗੋ ਮਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੋਲ ਇਸ ਗੱਲ ਦਾ ਕੋਈ ਠੋਸ ਜਵਾਬ ਨਹੀਂ ਸੀ ਕਿ ਉਹ ਸਵੇਰੇ 9 ਵਜੇ ਤੋਂ ਅਗਵਾ ਹੋਏ ਲੋਕਾਂ ਨੂੰ ਕਿਉਂ ਨਹੀਂ ਲੱਭ ਪਾਏ। ਹੁਣ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੀੜਤ ਜੋ ਵੀ ਬਿਆਨ ਦਿੰਦਾ ਹੈ, ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਅਜਿਹੇ 'ਚ ਪੁਲਿਸ 'ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਨੇ ਅਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਦਲਿਤ ਪਰਿਵਾਰ ਨੂੰ ਕਿਵੇਂ ਇਨਸਾਫ ਦਿਵਾਉਂਦੀ ਹੈ।

  • Share