ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭੈਣ-ਭਰਾਵਾਂ ਦੇ ਫ਼ਰਜ਼ੀ ਵਿਆਹ ਸਿੱਖ ਪਰਿਵਾਰਾਂ ਵਾਸਤੇ ਮਾੜਾ ਰੁਝਾਨ
ਪੰਜਾਬ ਵਿਚ ਪਿਛਲੇ 30-40 ਸਾਲਾਂ ਦੌਰਾਨ ਵਿਦੇਸ਼ੀ ਡਾਲਰਾਂ ਦੀ ਹਵਸ ਪੂਰੀ ਕਰਨ ਹਿੱਤ ਅਜਿਹੀਆਂ ਸ਼ੈਂਕੜੇ ਜਾਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਸ਼ਾਦੀਆਂ ਹੋ ਚੁਕੀਆਂ ਹਨ ਜਿਥੇ ਰਿਸ਼ਤੇ ਵਿਚ ਭੈਣ ਭਰਾ ਲਗਦੇ ਬੱਚਿਆਂ ਦੇ ਆਨੰਦ ਕਾਰਜ ਵੀ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਪਾਸਪੋਰਟਾਂ ਵਿਚ ਪਤੀ-ਪਤਨੀ ਵਿਖਾ ਕੇ ਵਿਦੇਸ਼ ਵਿਚ ਭੇਜਿਆ ਜਾ ਚੁਕਿਆ ਹੈ।ਸੂਬੇ ਅੰਦਰ ਵਿਸ਼ਾਲ ਪੱਧਰ 'ਤੇ ਇੰਮੀਗ੍ਰੇਸ਼ਨ ਏਜੰਟਾਂ ਦਾ ਫੈਲਿਆ ਮੱਕੜਜਾਲ ਲੋਕਾਂ ਨੂੰ ਵਿਦੇਸ਼ੀ ਸੁਪਨੇ ਵੇਚ ਰਿਹਾ ਹੈ ਅਤੇ ਇਸੇ ਤਰਜ਼ 'ਤੇ ਪੰਜਾਬ ਵਿਚ ਹੁਣ ਵੀ ਰੋਜ਼ਾਨਾ ਦਰਜਨਾਂ ਝੂਠੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਹਨ ਜਿਥੇ ਦੋਵੇਂ ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਨੰਦ ਕਾਰਜਾਂ ਦੀਆਂ ਰਸਮਾਂ ਪੂਰੀਆਂ ਕਰਵਾਉਂਦੇ ਹਨ।
ਇਸੇ ਤਰ੍ਹਾਂ ਦੇ ਸੌਦਿਆਂ ਵਿਚ ਸੂਬੇ ਦੇ ਲੱਖਾਂ ਪਰਿਵਾਰ ਆਰਥਿਕ ਤੌਰ 'ਤੇ ਤਬਾਹ ਵੀ ਹੋਏ ਹਨ ਜਦਕਿ ਸਾਡੇ ਸੂਬੇ ਦੀਆਂ ਹਜ਼ਾਰਾਂ ਧੀਆਂ ਅਪਣੇ ਵਿਦੇਸ਼ੀ ਵਸਦੇ ਪਤੀਆਂ ਵਲੋਂ ਭੇਜੇ ਜਾਣ ਵਾਲੇ ਵੀਜ਼ੇ ਦੀ ਉਡੀਕ ਵਿਚ ਨਾ ਵਿਆਹੀਆਂ ਅਤੇ ਨਾ ਕੁਆਰੀਆਂ ਵਾਲਾ ਸੰਤਾਪ ਭੋਗਦੀਆਂ ਹਰ ਦਿਨ ਬੁਢਾਪੇ ਵੱਲ ਵਧ ਰਹੀਆਂ ਹਨ।ਮੋਗਾ ਨੇੜਲੇ ਬਾਘਾਪੁਰਾਣਾ ਦੇ ਪਿੰਡ ਹਰੀਵਾਲਾ ਵਿਚ ਇਕ 26 ਸਾਲਾ ਨੌਜਵਾਨ ਸੁਖਦੀਪ ਸਿੰਘ ਨੇ ਅਜਿਹੇ ਸੌਦੇ ਤਹਿਤ ਦੋ ਸਾਲ ਪਹਿਲਾਂ ਇਕ ਲੜਕੀ ਗੁਰਮੀਤ ਕੌਰ ਨੂੰ 15 ਲੱਖ ਰੁਪਏ ਖ਼ਰਚ ਕੇ ਕੈਨੇਡਾ ਵਿਖੇ ਸਟੱਡੀ ਵੀਜ਼ੇ 'ਤੇ ਭੇਜਿਆ ਸੀ ਪਰ ਕੈਨੇਡਾ ਵਸਦੀ ਉਸ ਦੀ ਪਤਨੀ ਉਸ ਨਾਲ ਗੱਲ ਕਰਨ ਤੋਂ ਹਮੇਸ਼ਾ ਟਾਲਾ ਵਾਲਾ ਕਰਦੀ ਸੀ।
ਪਿਛਲੇ ਵੀਰਵਾਰ ਸੁਖਦੀਪ ਸਿੰਘ ਨੇ ਗੁਰਮੀਤ ਕੌਰ ਨੂੰ ਇਕੋ ਦਿਨ 52 ਵਾਰੀ ਫ਼ੋਨ ਕੀਤਾ ਪਰ ਅੱਗੋਂ ਕੋਈ ਜਵਾਬ ਨਹੀਂ ਮਿਲਿਆ।ਇਸ ਮਨੋਦਿਸ਼ਾ ਵਿਚ ਸੁਖਦੀਪ ਸਿੰਘ ਨੇ ਅਪਣੇ ਲਾਇਸੰਸੀ ਪਿਸਤੌਲ ਨਾਲ ਖ਼ੁਦਕੁਸ਼ੀ ਕਰ ਲਈ।ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਧੂਰੀ ਨੇੜਲੇ ਪਿੰਡ ਕਾਤਰੋਂ ਵਿਖੇ ਵੀ ਵਾਪਰੀ ਹੈ ਜਿੱਥੇ ਇਕ ਕਿਸਾਨ ਨੇ ਇਸੇ ਤਰਜ਼ 'ਤੇ ਕੀਤੇ ਵਿਆਹ ਕਾਰਨ ਚੜ੍ਹੇ 15-20 ਲੱਖ ਰੁਪਏ ਕਰਜ਼ੇ ਕਾਰਨ ਅਪਣੇ ਆਪ ਨੂੰ ਅੱਗ ਲਗਾ ਕੇ ਆਤਮ ਹਤਿਆ ਕੀਤੀ ਹੈ।
-PTCNews