ਟਰਾਂਸਪੋਰਟਰਾਂ ਨੂੰ ਰਾਹਤ, ਸਰਕਾਰ ਨੇ ਬਿਨਾਂ ਜੁਰਮਾਨਾ ਮੋਟਰ ਟੈਕਸ ਭਰਨ ਦਾ ਦਿੱਤਾ ਮੌਕਾ
ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟਰਾਂ ਲਈ ਭਗਵੰਤ ਮਾਨ ਸਰਕਾਰ ਨੇ ਅੱਜ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਤੇ ਸਰਕਾਰ ਵੱਲੋਂ ਕੀਤੇ ਗਏ ਐਲਾਨ ਸਬੰਧੀ ਜਾਣਕਾਰੀ ਦਿੱਤੀ ਗਈ। ਮਾਲਵਿੰਦਰ ਸਿੰਘ ਕੰਗ ਤੇ ਡਾ. ਸੰਨੀ ਆਹਲੂਵਾਲੀਆ ਨੇ ਟਰਾਂਸਪੋਰਟਰਾਂ ਨੂੰ ਦਿੱਤੀ ਗਈ ਰਾਹਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਕੋਰੋਨਾ ਕਾਰਨ ਆਪਣਾ ਮੋਟਰ ਟੈਕਸ ਨਹੀਂ ਭਰ ਸਕੇ, ਉਨ੍ਹਾਂ ਨੂੰ ਇਸ ਸਕੀਮ ਤਹਿਤ ਬਿਨਾਂ ਕਿਸੇ ਜੁਰਮਾਨੇ ਅਤੇ ਬਕਾਏ ਤੋਂ ਮੋਟਰ ਟੈਕਸ ਅਦਾ ਕਰਨ ਦਾ ਮੌਕਾ ਮਿਲੇਗਾ। ਇਸ ਐਮਨੈਸਟੀ ਸਕੀਮ ਨਾਲ ਜਿੱਥੇ ਇਕ ਪਾਸੇ ਉਨ੍ਹਾਂ ਟਰਾਂਸਪੋਰਟਰਾਂ ਨੂੰ ਰਾਹਤ ਮਿਲੇਗੀ, ਜੋ ਜੁਰਮਾਨੇ ਕਾਰਨ ਟੈਕਸ ਅਦਾ ਨਹੀਂ ਕਰ ਪਾ ਰਹੇ ਸਨ ਉਥੇ ਹੀ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਵੀ ਕਾਫੀ ਮਦਦ ਮਿਲੇਗੀ। ਐਮਨੈਸਟੀ ਸਕੀਮ ਦਾ ਐਲਾਨ 25-4-2022 ਤੋਂ 24-07-2022 ਤੱਕ ਤਿੰਨ ਮਹੀਨਿਆਂ ਲਈ ਕੀਤਾ ਜਾਵੇਗਾ। ਇਸ ਘੋਸ਼ਣਾ ਵਿੱਚ ਹੁਣ ਤੱਕ ਜਿਨ੍ਹਾਂ ਟਰਾਂਸਪੋਰਟਰਾਂ ਨੇ ਟੈਕਸ ਨਹੀਂ ਭਰਿਆ ਹੈ, ਉਨ੍ਹਾਂ ਨੂੰ ਬਿਨਾਂ ਜੁਰਮਾਨੇ ਦੇ ਟੈਕਸ ਭਰਨ ਦਾ ਇੱਕ ਹੋਰ ਮੌਕਾ ਦਿੱਤਾ ਜਾਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਸਮੂਹ ਟਰਾਂਸਪੋਰਟਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ ਵਿੱਚ ਉਹਨਾਂ ਦੇ ਨਾਲ ਖੜ੍ਹੇ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗ੍ਰਾਮੀਣ ਵਿਕਾਸ ਬੈਂਕ ਵੱਲੋਂ ਪਿਛਲੀ ਸਰਕਾਰ ਵੇਲੇ ਕੁਝ ਵਾਰੰਟ ਜਾਰੀ ਹੋਏ ਸਨ। ਦਸੰਬਰ 2021 ਵਿੱਚ ਚੰਨੀ ਸਰਕਾਰ ਨੇ ਕੁਝ ਕਿਸਾਨਾਂ ਨੂੰ ਡਿਫਾਲਟਰ ਐਲਾਨਿਆ ਸੀ ਤੇ ਵਾਰੰਟ ਜਾਰੀ ਕੀਤੇ ਗਏ ਸਨ। ਹਰਪਾਲ ਸਿੰਘ ਚੀਮਾ ਨੇ ਕਿਸਾਨਾਂ ਦੇ ਵਾਰੰਟ ਉਤੇ ਰੋਕ ਲਗਾਈ ਅਤੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਨ ਕਿਸਾਨੀ ਦਾ ਬੁਰਾ ਹਾਲ ਹੋ ਗਿਆ ਤੇ ਇਨ੍ਹਾਂ ਸਰਕਾਰਾਂ ਨੇ ਕਿਸਾਨਾਂ ਵਾਸਤੇ ਕੋਈ ਪਾਲਿਸੀ ਨਹੀਂ ਲਿਆਂਦੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਇਸ ਏਜੰਡੇ ਉਤੇ ਕੰਮ ਕਰ ਰਹੀ ਹੈ ਕਿ ਕਿਸਾਨਾਂ ਨੂੰ ਕਰਜ਼ਾ ਨਾ ਚੁੱਕਣਾ ਪਵੇ। ਕੋਵਿਡ ਦੌਰਾਨ ਟਰਾਂਸਪੋਰਟਰਾਂ ਉਤੇ ਕਾਫੀ ਅਸਰ ਪਿਆ ਸੀ। ਇਨ੍ਹਾਂ ਸਾਰੇ ਵਰਗਾਂ ਨੇ ਟੈਕਸ ਭਰਨੇ ਸਨ। ਆਮ ਆਦਮੀ ਪਾਰਟੀ ਸਰਕਾਰ ਨੇ ਇਨ੍ਹਾਂ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਕੋਰੋਨਾ ਦੌਰਾਨ ਜਿਹੜੇ ਮੋਟਰ ਟੈਕਸ ਨਹੀਂ ਭਰ ਸਕੇ ਸਨ, ਉਹ ਤਿੰਨ ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਟੈਕਸ ਭਰ ਸਕਣਗੇ। ਇਹ ਵੀ ਪੜ੍ਹੋ : ਫ਼ਰੀਦਕੋਟ ਜੇਲ੍ਹ 'ਚ 200 ਪੁਲਿਸ ਮੁਲਾਜ਼ਮਾਂ ਨੇ ਤਿੰਨ ਘੰਟੇ ਕੀਤੀ ਚੈਕਿੰਗ, 6 ਮੋਬਾਈਲ ਬਰਾਮਦ