ਮੁੱਖ ਖਬਰਾਂ

ਪੰਜਾਬ ਦੇ ਮੁੱਖ ਮੰਤਰੀ ਨੇ ਸਰਕਾਰੀ ਪ੍ਰੋਗਰਾਮਾਂ ਦੇ ਜਾਇਜ਼ੇ ਅਤੇ ਨਿਗਰਾਨੀ ਦਾ ਕਾਰਜ ਮੰਤਰੀਆਂ ਨੂੰ ਸੌਂਪਿਆ

By Joshi -- August 19, 2017 7:08 pm -- Updated:Feb 15, 2021

ਸਮਾਜਿਕ ਭਲਾਈ ਸਕੀਮਾਂ ਲਾਗੂ ਕਰਨ ਨੂੰ ਯਕੀਨੀ ਬਨਾਉਣ ਵਾਸਤੇ ਹਰੇਕ ਮੰਤਰੀ ਨੂੰ ਜ਼ਿਲੇ ਵੰਡੇ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਦੇ ਵੱਖ ਵੱਖ ਪ੍ਰੋਗਰਾਮਾਂ ਨੂੰ ਸਮੇਂ ਸੀਮਾਂ ਅਤੇ ਬਿਨਾ ਕਿਸੇ ਊਣਤਾਈ ਦੇ ਲਾਗੂ ਕਰਨ ਨੂੰ ਯਕੀਨੀ ਬਨਾਉਣ ਦੇ ਵਾਸਤੇ ਇਨਾਂ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਇਨਾਂ ’ਤੇ ਨਿਗਰਾਨੀ ਰੱਖਣ ਦਾ ਕਾਰਜ ਆਪਣੇ ਕੈਬਨਿਟ ਮੰਤਰੀਆਂ ਨੂੰ ਸੌਂਪਿਆ ਹੈ।

ਮੁੱਖ ਮੰਤਰੀ ਦਫਤਰ ਦੇ ਵੱਲੋਂ ਜਾਰੀ ਕੀਤੇ ਇੱਕ ਅੰਦਰੂਨੀ ਨੋਟ ਵਿੱਚ ਕਿਹਾ ਗਿਆ ਹੈ ਕਿ ਜਿਨਾਂ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਅਤੇ ਨਿਗਰਾਨੀ ਰੱਖਣ ਦਾ ਕਾਰਜ ਮੰਤਰੀਆਂ ਨੂੰ ਦਿੱਤਾ ਗਿਆ ਹੈ ਉਨਾਂ ਵਿੱਚ ਆਟਾ-ਦਾਲ ਸਕੀਮ, ਮਨਰੇਗਾ, ਅਸ਼ੀਰਵਾਦ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਤੋਂ ਇਲਾਵਾ ਉਹ ਸਾਰੇ ਪ੍ਰੋਗਰਾਮ ਸ਼ਾਮਲ ਹਨ ਜਿਨਾਂ ’ਤੇ ਮੰਤਰੀ ਆਪਣਾ ਧਿਆਨ ਕੇਂਦਰਤ ਕਰਨਾ ਚਾਹੁੰਦੇ ਹਨ।

ਇਸ ਨੋਟ ਵਿੱਚ ਮੁੱਖ ਸਕੱਤਰ ਨੂੰ ਸਾਰੇ ਸਬੰਧਤਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਨ ਲਈ ਆਖਿਆ ਗਿਆ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਜਾਇਜ਼ਾ ਮੀਟਿੰਗਾਂ ਦੀ ਪ੍ਰਧਾਨਗੀ ਦੇ ਵਾਸਤੇ ਮੰਤਰੀ ਲੋੜੀਂਦਾ ਹੋਵੇਗਾ ਜਿਸ ਦੇ ਵਾਸਤੇ ਡਿਪਟੀ ਕਮਿਸ਼ਨਰਾਂ ਵੱਲੋਂ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ। ਜਾਇਜ਼ਾ ਮੀਟਿੰਗ ਦੌਰਾਨ ਵੱਖ ਵੱਖ ਵਿਭਾਗਾਂ ਦੇ ਸਾਰੇ ਸਬੰਧਤ ਜ਼ਿਲਾ ਮੁਖੀਆਂ ਦੀ ਹਾਜ਼ਰੀ ਨੂੰ ਡਿਪਟੀ ਕਮਿਸ਼ਨਰ ਯਕੀਨੀ ਬਨਾਉਣਗੇ।

ਇਸ ਦਾ ਉਦੇਸ਼ ਸਰਕਾਰ ਦੀਆਂ ਵੱਖ ਵੱਖ ਸਮਾਜ ਭਲਾਈ ਸਕੀਮਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਨਾਉਣਾ ਹੈ ਤਾਂ ਜੋ ਇਨਾਂ ਦਾ ਲਾਭ ਹੇਠਾਂ ਤੱਕ ਬਣਦੇ ਹੱਕਦਾਰਾਂ ਨੂੰ ਪਹੁੰਚ ਸਕੇ। ਮੁੱਖ ਮੰਤਰੀ ਨੇ ਪਹਿਲਾਂ ਹੀ ਜਾਅਲੀ ਲਾਭਪਾਤਰੀਆਂ ਨੂੰ ਸੂਚੀ ਵਿੱਚੋਂ ਹਟਾਉਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ।

ਅੱਜ ਏਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਮਕਸਦ ਲਈ ਮੰਤਰੀਆਂ ਨੂੰ ਜ਼ਿਲੇ ਅਲਾਟ ਕੀਤੇ ਗਏ ਹਨ ਅਤੇ ਉਨਾਂ ਨੂੰ ਆਪਣੇ ਆਪਣੇ ਜ਼ਿਲੇ ਨਾਲ ਸਬੰਧਤ ਵੱਖ ਵੱਖ ਸਕੀਮਾਂ ਦੀ ਪ੍ਰਗਤੀ ਰਿਪੋਰਟ ਨਿਯਮਤ ਤੌਰ ’ਤੇ ਪੇਸ਼ ਕਰਨ ਲਈ ਲਈ ਆਖਿਆ ਗਿਆ ਹੈ। ਜਿੱਥੇ ਜ਼ਰੂਰੀ ਹੋਇਆ ਓਥੇ ਮੁੱਖ ਮੰਤਰੀ ਨਿੱਜੀ ਤੌਰ ’ਤੇ ਇਨਾਂ ਸਕੀਮਾਂ ਦਾ ਜਾਇਜ਼ਾ ਲੈਣਗੇ ਅਤੇ ਇਨਾਂ ਵਿੱਚ ਦਖਲ ਦੇਣਗੇ। ਮੰਤਰੀਆਂ ਨੂੰ ਇਹ ਸਕੀਮਾਂ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਨਾਉਣ ਵਾਸਤੇ ਹਦਾਇਤਾਂ ਦਿੱਤੀਆਂ ਗਈਆਂ ਹਨ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੂੰ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਜ਼ਿਲੇ ਦਿੱਤੇ ਗਏ ਹਨ ਜਦਕਿ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਅੰਮਿ੍ਰਤਸਰ ਅਤੇ ਤਰਨ ਤਾਰਨ ਜ਼ਿਲਾ ਦੇਖਣਗੇ। ਇਸੇ ਤਰਾਂ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਫਤਹਿਗੜ ਸਾਹਿਬ, ਮੋਹਾਲੀ ਅਤੇ ਪਟਿਆਲਾ ਜ਼ਿਲਿਆਂ ਦਾ ਕੰਮ ਦੇਖਣਗੇ।

ਇਸੇ ਤਰਾਂ ਹੀ ਦਿਹਾਤੀ ਵਿਕਾਸ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਗੁਰਦਾਸਪੁਰ ਅਤੇ ਪਠਾਨਕੋਟ, ਸਿੰਚਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਕਪੂਰਥਲਾ ਤੇ ਜਲੰਧਰ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਫਾਜਿਲਕਾ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ, ਉਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਹੁਸ਼ਿਆਰਪੁਰ, ਐਸ.ਬੀ.ਐਸ. ਨਗਰ ਤੇ ਰੋਪੜ ਅਤੇ ਜਨ ਸਿਹਤ ਮੰਤਰੀ ਰਜ਼ੀਆ ਸੁਲਤਾਨ ਸੰਗਰੂਰ ਅਤੇ ਬਰਨਾਲਾ ਜ਼ਿਲਿਆਂ ਦਾ ਕੰਮ ਦੇਖਣਗੇ।

—PTC News