ਕਰਜ਼ਾ ਮਾਫ਼ੀ:ਕੈਪਟਨ ਸਰਕਾਰ ਨੇ ਪਰਲ ਗਰੁੱਪ ਦੇ ਕਰੋੜਪਤੀ ਐਮਡੀ ਦਾ ਵੀ ਕੀਤਾ ਕਰਜ਼ਾ ਮਾਫ !
ਜੋ ਕਿ ਲੋਕਾਂ ਨਾਲ ਠੱਗੀ ਕਰਨ ਦੇ ਇਲਜਾਮ ਤਹਿਤ ਜੇਲ੍ਹ ਕੱਟ ਰਹੇ ਸੁਖਦੇਵ ਸਿੰਘ ਦਾ ਸਰਕਾਰ ਨੇ ਇੱਕ ਲੱਖ 74 ਹਜ਼ਾਰ ਦਾ ਕਰਜ਼ਾ ਮਾਫ਼ ਕੀਤਾ ਹੈ।ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਵਿੱਚ ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ ਉਸ ਦਾ ਨਾਮ 26ਵੇਂ ਨੰਬਰ ਉੱਤੇ ਦਰਜ ਹੈ।ਰੋਪੜ ਦੇ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੁਰਬਾਜ਼ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਦੀ ਝੱਲੀਆਂ ਕਲਾਂ ਵਿੱਚ ਦੋ ਏਕੜ ਜ਼ਮੀਨ ਹੈ।
ਉਨ੍ਹਾਂ ਕਿਹਾ ਕਿ ਰਿਕਾਰਡ ਮਤਾਬਕ ਉਸ ਨੇ ਕਰਜ਼ਾ ਲਿਆ ਹੈ ਤੇ ਸਰਕਾਰ ਦੀ ਨੀਤੀ ਤਹਿਤ ਉਹ ਵੀ ਲਾਭਪਾਤਰੀ ਬਣਦਾ ਹੈ।ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ ਮਤਾਬਕ ਹੀ ਸਹਿਕਾਰੀ ਸੁਸਾਇਟੀ ਝੱਲੀਆਂ ਕਲਾਂ ਨੇ ਉਸ ਦਾ 1,74214 ਰੁਪਏ ਕਰਜ਼ਾ ਮਾਫ਼ ਕੀਤਾ ਹੈ।ਉਨ੍ਹਾਂ ਦੱਸਿਆ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਫ਼ਿਲਹਾਲ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਉੱਤੇ ਰੋਕ ਲਾ ਦਿੱਤੀ ਹੈ।ਉਸ ਦੇ ਕੇਸ ਦਾ ਸੋਸ਼ਲ ਆਡਿਟ ਹੋਵੇਗਾ ਜਿਸ ਤੋਂ ਬਾਅਦ ਫ਼ੈਸਲਾ ਹੋਵੇਗਾ।
ਪਰਲ ਗਰੁੱਪ ਦੇ ਐਮਡੀ ਸੁਖਦੇਵ ਸਿੰਘ ਇਸ ਸਮੇਂ ਧੋਖਾਧੜੀ ਦੇ ਕੇਸ ਵਿੱਚ ਜੇਲ੍ਹ ਬੰਦ ਹਨ ਪਰ ਪਿੰਡ ਦੇ ਲੋਕਾਂ ਵਿੱਚ ਉਸ ਦਾ ਨਾਮ ਸੂਚੀ ਵਿੱਚ ਆਉਣ ਕਾਰਨ ਰੋਸ ਹੈ।ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਕਾਰੋਬਾਰੀਆਂ ਤੇ ਪਿੰਡ ਵਿੱਚ ਵੱਡੀ ਕੋਠੀ ਹੋਣ ਦੇ ਬਾਅਦ ਵੀ ਕਰਜ਼ਾ ਮਾਫ਼ ਹੋ ਸਕਦਾ ਹੈ ਤਾਂ ਬਾਕੀ ਕਿਸਾਨਾਂ ਦਾ ਕੀ ਗੁਨਾਹ ਹੈ।ਉਨ੍ਹਾਂ ਦਾ ਵੀ ਕਰਜ਼ਾ ਮਾਫ਼ ਹੋਣਾ ਚਾਹੀਦਾ ਹੈ।
ਕੋਆਪ੍ਰੇਟਿਵ ਸੁਸਾਇਟੀ ਵਿੱਚ ਲੱਗੀ ਸੂਚੀ ਵਿੱਚ 26ਵੇਂ ਨੰਬਰ ਉੱਤੇ ਸੁਖਦੇਵ ਸਿੰਘ ਪੁੱਤਰ ਰਘਵੀਰ ਸਿੰਘ ਲਿਖਿਆ ਹੈ।ਸੁਖਦੇਵ ਸਿੰਘ ਦਾ ਆਧਾਰ ਨੰਬਰ 9703,ਕੋਆਪ੍ਰੇਟਿਵ ਸੁਸਾਇਟੀ ਦਾ ਅਕਾਉਂਟ ਨੰਬਰ 173810010300315 ਦਿੱਤਾ ਗਿਆ ਹੈ।ਸੁਸਾਇਟੀ ਵੱਲ ਖੜ੍ਹੀ ਰਕਮ ਇੱਕ ਲੱਖ 74 ਹਜ਼ਾਰ ਦਰਸਾਈ ਗਈ ਹੈ।ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਸਰਕਾਰ ਨੂੰ ਲੋੜਬੰਦ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਇਕੱਲਾ ਸੁਖਦੇਵ ਸਿੰਘ ਹੀ ਨਹੀਂ ਪੂਰੇ ਪੰਜਾਬ ਵਿੱਚ ਕਰਜ਼ਾ ਮਾਫ਼ੀ ਸੂਚੀ ਵਿੱਚ ਵੱਡੇ ਪੱਧਰ 'ਤੇ ਘਪਲਾ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਜਥੇਬੰਦੀ ਸੁਖਦੇਵ ਸਿੰਘ ਦੇ ਕਰਜ਼ਾ ਮਾਫ਼ੀ ਦਾ ਡਟ ਕੇ ਵਿਰੋਧ ਕਰਦੀ ਹੈ।
-PTCNews