ਸਿੱਖ ਫੌਜੀਆਂ ਲਈ ਭਾਰਤ ਸਰਕਾਰ ਵੱਲੋਂ ਹੈਲਮਟ ਦੀ ਖ਼ਰੀਦ ਸਿੱਖ ਸਿਧਾਂਤਾਂ 'ਤੇ ਹਮਲਾ - ਜਥੇਦਾਰ ਹਵਾਰਾ ਕਮੇਟੀ
ਅੰਮ੍ਰਿਤਸਰ, 12 ਜਨਵਰੀ: ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਭਾਰਤੀ ਫੌਜ ਵੱਲੋਂ ਸਿੱਖ ਫ਼ੌਜੀਆਂ ਦੀ ਦਸਤਾਰ 'ਤੇ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੇ ਗਏ ਹੈਲਮਟ ਦੀ ਖ਼ਰੀਦ ਲਈ ਕੀਤੀ ਗਈ ਪਹਿਲ ਕਦਮੀ ਦੀ ਨਿੰਦਾ ਕਰਦੇ ਹੋਏ ਇਸਨੂੰ ਸਿੱਖੀ ਸਿਧਾਂਤਾਂ 'ਤੇ ਹਮਲਾ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਹੈਲਮਟ ਦਾ ਨਾਮ ਵੀਰ ਹੈਲਮਟ ਰੱਖਿਆ ਗਿਆ। ਸਾਹਿਬਜ਼ਾਦਿਆਂ ਨੂੰ ਵੀਰ ਬਾਲ ਦਿਵਸ ਦੇ ਰੂਪ ਵਿੱਚ ਪੇਸ਼ ਕਰਨ ਦੇ ਬਾਅਦ ਸਰਕਾਰ ਹੁਣ ਸਿੱਖ ਫ਼ੌਜੀਆਂ ਨੂੰ ਜੰਗ ਵਿੱਚ ਸੁਰੱਖਿਆ ਦੇਣ ਦੀ ਦਲੀਲ ਦੇ ਕੇ ਲੋਹੇ ਦਾ ਹੈਲਮਟ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ।
ਕਮੇਟੀ ਆਗੂਆਂ ਨੇ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸਿੱਖ ਦਸਤਾਰ ਜਾ ਪਟਕੇ ਉੱਤੇ ਹੈਲਮਟ ਨਹੀਂ ਪਾ ਸਕਦਾ ਭਾਵੇ ਉਹ ਜੰਗ ਦਾ ਮੈਦਾਨ ਕਿਉਂ ਨਾ ਹੋਵੇ। ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖ ਫ਼ੌਜੀਆਂ ਨੇ ਦੋਨੋ ਵਿਸ਼ਵ ਯੂਧਾਂ, ਚੀਨ, ਪਾਕਿਸਤਾਨ ਅਤੇ ਕਾਰਗਿਲ ਦੀ ਜੰਗਾਂ ਵਿੱਚ ਕੋਈ ਹੈਲਮਟ ਦਾ ਇਸਤੇਮਾਲ ਨਹੀਂ ਕੀਤਾ ਪਰ ਫਿਰ ਵੀ ਵੱਡੀਆਂ ਮੱਲਾ ਪ੍ਰਾਪਤ ਕੀਤੀਆਂ ਸਨ। ਸਿੱਖ ਫ਼ੌਜੀ ਲੜਾਈ ਦੇ ਦੌਰਾਨ ਹਮੇਸ਼ਾ ਆਪਣੇ ਗੁਰੂ ਵੱਲੋਂ ਬਖ਼ਸ਼ੀ ਦਸਤਾਰ ਅਤੇ ਕਕਾਰਾਂ ਤੋਂ ਸ਼ਕਤੀ ਲੈੰਦਾ ਹੈ।
ਇਸਲਈ ਹਵਾਰਾ ਕਮੇਟੀ ਸਰਕਾਰ ਵੱਲੋਂ ਹੈਲਮਟ ਖ਼ਰੀਦ ਲਈ ਕੀਤੀ ਸ਼ੂਰੂਵਾਤ ਨੂੰ ਮੂਲੋ ਰੱਦ ਕਰਦੀ ਹੈ ਅਤੇ ਸਿੱਖ ਫ਼ੌਜੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਪਰੰਪਰਾਵਾਂ ਅਤੇ ਅਸੂਲਾਂ ਦੇ ਪਹਿਰਾ ਦੇਣ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਬਲਦੇਵ ਸਿੰਘ ਨਵਾਪਿੰਡ, ਮਹਾਬੀਰ ਸਿੰਘ ਸੁਲਤਾਨਵਿੰਡ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਦਿਲਸ਼ੇਰ ਸਿੰਘ ਜੰਡਿਆਲਾ, ਇੰਦਰਵੀਰ ਸਿੰਘ, ਬਲਬੀਰ ਸਿੰਘ ਹਿਸਾਰ, ਰਘਬੀਰ ਸਿੰਘ ਭੁੱਚਰ, ਸਤਜੋਤ ਸਿੰਘ ਮੂਧਲ, ਦਰਸ਼ਨ ਸਿੰਘ ਬਟਾਲਾ, ਨਰਿੰਦਰ ਸਿੰਘ ਗਿੱਲ ਆਦਿ ਸ਼ਾਮਲ ਹਨ।
- PTC NEWS