ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਸੰਬੰਧਤ ਕਥਿਤ ਅਸ਼ਲੀਲ ਵੀਡੀਉ ਹੁਣ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਤੇ ਵਾਇਰਲ
Lal Chand Kataruchak Video Goes Viral: ਮੀਡੀਆ ਰਿਪੋਰਟਾਂ ਮੁਤਾਬਕ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਸੰਬੰਧਤ ਕਥਿਤ ਅਸ਼ਲੀਲ ਵੀਡੀਉ ਹੁਣ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਵੀਡੀਉ ‘ਚ ਨਜ਼ਰ ਆ ਰਿਹਾ ਸ਼ਖਸ ਹੋਰ ਕੋਈ ਨਹੀਂ ਸਗੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਹੀ ਹੈ। ਦੱਸਣਯੋਗ ਹੈ ਕਿ ਬੇਹੱਦ ਅਸ਼ਲੀਲ ਵੀਡੀਉ ਨੂੰ ਵਿਖਾਉਣਾ ਸੰਭਵ ਨਹੀਂ ਹੈ। ਇਸ ਦੇ ਨਾਲ ਹੀ ਪੀਟੀਸੀ ਨਿਊਜ਼ ਇਸ ਵਾਇਰਲ ਵੀਡੀਉ ਦੀ ਤਸਦੀਕ ਨਹੀਂ ਕਰਦਾ ਹੈ। 
ਕੀ ਹੈ ਵਿਵਾਦ ?
5 ਮਈ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਹੈਰਾਨ ਕਰਨ ਵਾਲੇ ਖੁਲਾਸੇ ਦੌਰਾਨ ਕਥਿਤ ਪੀੜਤ ਨੇ ਕੈਮਰੇ 'ਤੇ ਆ ਕੇ ਦੋਸ਼ਾਂ ਨੂੰ ਸੱਚ ਦੱਸਿਆ। ਉਸਨੇ ਦਾਅਵਾ ਕੀਤਾ ਕਿ "ਉਸਨੂੰ 2013 ਤੋਂ 2014 ਤੱਕ ਲਾਲ ਚੰਦ ਕਟਾਰੂਚੱਕ ਦੁਆਰਾ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਸੀ ਜਦੋਂ ਉਹ ਬਹੁਤ ਛੋਟੀ ਸੀ ਅਤੇ ਇਹ 2021 ਤੱਕ ਜਾਰੀ ਰਿਹਾ।" ਉਸਨੇ ਦਾਅਵਾ ਕੀਤਾ ਕਿ ਉਹ ਉਸਨੂੰ ਆਖਰੀ ਵਾਰ ਦੀਵਾਲੀ 2021 'ਤੇ ਮਿਲਿਆ, ਬਾਅਦ ਵਿਚ ਕਟਾਰੂਚੱਕ ਕੈਬਨਿਟ ਮੰਤਰੀ ਬਣ ਗਿਆ।

ਜਵਾਬਤਲਬੀ ਤੋਂ ਬਾਅਦ ਐਕਸ਼ਨ 'ਚ ਪੰਜਾਬ ਸਰਕਾਰ
ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਵਾਦਤ ਵੀਡੀਓ ਨੂੰ ਲੈ ਕੇ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਜਾਬ ਸਰਕਾਰ ਨੂੰ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਐਸ.ਸੀ./ਐਸ.ਟੀ. ਕਮਿਸ਼ਨ, ਭਾਰਤ ਸਰਕਾਰ ਦੇ ਦਬਾਅ ਦਰਮਿਆਨ ਹਰਕਤ ਵਿੱਚ ਆਉਣਾ ਪਿਆ। 
ਤਿੰਨ ਕੰਮਕਾਜੀ ਦਿਨਾਂ 'ਚ ਮੰਗਿਆ ਜਵਾਬ
ਐਸ.ਸੀ./ਐਸ.ਟੀ. ਕਮਿਸ਼ਨ ਨੇ ਪਹਿਲਾਂ ਹੀ ਪਿਛਲੇ ਸ਼ੁੱਕਰਵਾਰ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਤਿੰਨ ਕੰਮਕਾਜੀ ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੂੰ ਗਠਿਤ ਐਸ.ਆਈ.ਟੀ ਦਾ ਮੁਖੀ ਐਲਾਨ ਦਿੱਤਾ ਹੈ। ਜਦਕਿ ਐਸ.ਐਸ.ਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਅਤੇ ਐਸ.ਐਸ.ਪੀ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਇਸ ਟੀਮ ਦੇ ਮੈਂਬਰ ਹੋਣਗੇ। ਇਹ ਟੀਮ ਵਿਵਾਦਤ ਅਸ਼ਲੀਲ ਵੀਡੀਓ ਅਤੇ ਪੀੜਤ ਵੱਲੋਂ ਦਿੱਤੀ ਗਈ ਸ਼ਿਕਾਇਤ ਦੋਵਾਂ ਦੀ ਜਾਂਚ ਕਰੇਗੀ। ਇਸ ਤੋਂ ਇਲਾਵਾ ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੂੰ ਵੀ ਪੀੜਤ ਨੌਜਵਾਨ ਨੂੰ ਸੁਰੱਖਿਆ ਦੇਣ ਲਈ ਕਿਹਾ ਗਿਆ ਹੈ। 
ਰਾਜਪਾਲ ਨੇ ਮੁੱਖ ਮੰਤਰੀ ਨੂੰ ਭੇਜੀ ਫੋਰੈਂਸਿਕ ਰਿਪੋਰਟ
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕਥਿਤ ਜਿਨਸੀ ਸ਼ੋਸ਼ਣ ਦੀ ਵਿਵਾਦਤ ਵੀਡੀਓ ਦੀ ਫੋਰੈਂਸਿਕ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀ ਸੀ, ਤਾਂ ਜੋ ਉਹ ਕਾਰਵਾਈ ਕਰ ਸਕਣ। ਪ੍ਰਾਪਤ ਜਾਣਕਾਰੀ ਅਨੁਸਾਰ ਫੋਰੈਂਸਿਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਇਸ ਵਿੱਚ ਦਿਖਾਈ ਦੇਣ ਵਾਲੇ ਸਾਰੇ ਪਾਤਰ ਸਹੀ ਹਨ। ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਹੈ, ਪਰ ਇਸ ਨੂੰ ਸਮਾਂਬੱਧ ਨਹੀਂ ਕੀਤਾ ਗਿਆ। ਪਰ ਟੀਮ ਨੂੰ ਐਸ.ਸੀ./ਐਸ.ਟੀ. ਕਮਿਸ਼ਨ ਦੀ ਸਹਾਇਤਾ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਨਾਲ ਹੀ ਪੀੜਤ ਨਾਲ ਜਲਦੀ ਸੰਪਰਕ ਕਰਨ ਦੇ ਆਦੇਸ਼ ਦਿੱਤੇ ਹਨ।