ਬਿਕਰਮ ਸਿੰਘ ਮਜੀਠੀਆ ਵੱਲੋਂ ਐੱਸਜੀਪੀਸੀ ਦੇ ਫੈਸਲੇ ਤੇ ਸਵਾਲ ਚੁੱਕਣਾ ਠੀਕ ਨਹੀਂ- ਬਲਵਿੰਦਰ ਸਿੰਘ ਭੂੰਦੜ

ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ, ''ਬਿਕਰਮ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉਪਰ ਸਵਾਲ ਚੁੱਕ ਕੇ ਗਲਤ ਕੀਤਾ ਹੈ।

By  Jagjit Singh March 9th 2025 12:25 AM

ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ, ''ਬਿਕਰਮ ਨੇ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲੇ ਉਪਰ ਸਵਾਲ ਚੁੱਕ ਕੇ ਗਲਤ ਕੀਤਾ ਹੈ। ਜਿਸ ਕਮੇਟੀ ਦੇ ਪਹਿਲੇ ਪ੍ਰਧਾਨ ਉਨ੍ਹਾਂ ਦੇ ਪੜਦਾਦਾ ਜੀ ਸਤਿਕਾਰਯੋਗ ਸ.ਸੁੰਦਰ ਸਿੰਘ ਮਜੀਠੀਆ ਬਣੇ ਸਨ।''

ਜਥੇਦਾਰਾਂ ਦੀਆਂ ਸੇਵਾਵਾਂ ਬਾਰੇ ਵੀ ਬੋਲੇ ਭੂੰਦੜ 

ਭੂੰਦੜ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜਥੇਦਾਰ ਸਾਹਿਬਾਨ ਨੂੰ ਲੈ ਕੇ ਲਿਆ ਫੈਸਲਾ ਲੰਮੇ ਵਿਚਾਰ ਵਿਟਾਂਦਰੇ ਤੋਂ ਬਾਦ ਹੀ ਲਿਆ ਗਿਆ ਹੈ।

ਉਨ੍ਹਾਂ ਅੱਗੇ ਕਿਹਾ, ''ਪਿਛਲੇ ਸਮੇਂ ਤੋਂ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਭੰਬਲਭੂਸੇ ਵਿੱਚੋਂ ਲੰਘਣਾ ਪੈ ਰਿਹਾ ਉਸ ਲਈ ਕੌਣ-ਕੌਣ ਜਿੰਮੇਵਾਰ ਹੈ ਉਸ ਬਾਰੇ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ। ਬਿਕਰਮ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਚਪਨ ਤੋਂ ਪਾਲਿਆ ਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਵੱਡੇ ਮਾਣ ਦਿਵਾਏ।ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਦੀ ਔਖੇ ਸਮੇਂ ਡੱਟਕੇ ਪਿੱਠ ਪੂਰੀ ਪਰ ਅੱਜ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਉੱਪਰ ਆਏ ਔਖੇ ਸਮੇਂ ਬਿਕਰਮ ਸਿੰਘ ਮਜੀਠੀਆ ਨੇ ਨਾਲ ਡੱਟਕੇ ਖੜਣ ਦੀ ਥਾਂ ਇੱਕ ਤਰਾਂ ਨਾਲ ਪਿੱਠ ਵਿੱਚ ਛੁਰਾ ਮਾਰਿਆ ਹੈ।''

ਸਵ: ਸ.ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਪਿੱਛੋਂ ਅਕਾਲੀ ਦਲ ਅੰਦਰ ਬਣੇ ਹਾਲਾਤਾਂ ਨੂੰ ਲੈਕੇ ਮਜੀਠੀਆ ਦਾ ਫਰਜ ਬਣਦਾ ਸੀ ਕਿ ਉਸ ਮਹਾਨ ਵਿਅਕਤੀ ਦੇ ਅਹਿਸਾਨਾਂ ਕਾਰਣ ਉਸਦੀ ਵਿਰਾਸਤ ਨੂੰ ਸਾਂਭਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਡੱਟਕੇ ਸਾਥ ਦਿੰਦੇ। ਮੈਂ ਫਿਰ ਬਿਕਰਮ ਸਿੰਘ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦੇਂਦਾ ਹੋਇਆ ਸਲਾਹ ਦਿੰਦਾ  ਹਾਂ ਕਿ ਵਿਰੋਧੀਆਂ ਦੀ ਸਾਜਿਸ਼ ਦਾ ਹਿੱਸਾ ਬਨਣ ਦੀ ਥਾਂ ਆਓ ਰਲਕੇ ਏਨਾਂ ਸਾਜਿਸ਼ਾਂ ਦਾ ਮੁਕਾਬਲਾ ਕਰੀਏ।


ਭੂੰਦੜ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਅੰਦਰ ਹਰ ਇੱਕ ਆਗੂ ਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਅਧਿਕਾਰ ਹੈ।ਮੈਂ ਸੁਪਨੇ ਵਿੱਚ ਵੀ ਕਿਆਸ ਨਹੀਂ ਸੀ ਕਰ ਸਕਦਾ ਕਿ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਜਾਬਤੇ ਦੀ ਇਸਤਰਾਂ ਉਲੰਘਣਾ ਕਰਨਗੇ।

Related Post