Nikhil Gupta ਨੂੰ ਹੋ ਸਕਦੀ ਹੈ 40 ਸਾਲ ਤੱਕ ਕੈਦ ਦੀ ਸਜ਼ਾ ! ਅਮਰੀਕੀ ਅਦਾਲਤ ’ਚ ਨਿਖਿਲ ਗੁਪਤਾ ਦਾ ਵੱਡਾ ਕਬੂਲਨਾਮਾ
ਨਿਖਿਲ ਨੇ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਮੰਨਿਆ ਹੈ। ਇਨ੍ਹਾਂ ਦੋਸ਼ਾਂ ਲਈ ਉਸਨੂੰ 40 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਕਬੂਲ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਨਿਊਯਾਰਕ ਸਿਟੀ ਵਿੱਚ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਨਿਖਿਲ ਗੁਪਤਾ ਨੇ ਮੈਨਹਟਨ ਸੰਘੀ ਅਦਾਲਤ ਵਿੱਚ ਤਿੰਨ ਅਪਰਾਧਿਕ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਨਿਖਿਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਇਸ ਮਾਮਲੇ 'ਤੇ ਨਿਖਿਲ ਗੁਪਤਾ ਦੇ ਵਕੀਲ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਨਿਖਿਲ ਗੁਪਤਾ ਨੇ ਮੈਨਹਟਨ ਸੰਘੀ ਅਦਾਲਤ ਵਿੱਚ ਅਮਰੀਕੀ ਮੈਜਿਸਟ੍ਰੇਟ ਜੱਜ ਸਾਰਾਹ ਨੈੱਟਬਰਨ ਦੇ ਸਾਹਮਣੇ ਆਪਣੀ ਪਟੀਸ਼ਨ ਦਾਇਰ ਕੀਤੀ। ਮੈਨਹਟਨ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ 54 ਸਾਲਾ ਨਿਖਿਲ ਨੇ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਵਿੱਚ ਕਤਲ ਦੀ ਸਾਜ਼ਿਸ਼ ਰਚਣ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਮੰਨਿਆ ਹੈ। ਇਨ੍ਹਾਂ ਦੋਸ਼ਾਂ ਲਈ ਉਸਨੂੰ 40 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
2024 ਤੋਂ ਨਿਖਿਲ ਗੁਪਤਾ ਅਮਰੀਕੀ ਜੇਲ੍ਹ ਵਿੱਚ
ਦੱਸ ਦਈਏ ਕਿ ਨਿਖਿਲ ਗੁਪਤਾ ਜੂਨ 2024 ਵਿੱਚ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤੇ ਜਾਣ ਤੋਂ ਬਾਅਦ ਬਰੁਕਲਿਨ ਜੇਲ੍ਹ ਵਿੱਚ ਬੰਦ ਹੈ। ਉਸਨੂੰ ਇੱਕ ਸਾਲ ਪਹਿਲਾਂ ਚੈੱਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ ਹਵਾਲੇ ਕੀਤੇ ਜਾਣ ਤੋਂ ਤੁਰੰਤ ਬਾਅਦ ਨਿਖਿਲ ਨੇ ਦੋਸ਼ੀ ਨਾ ਹੋਣ ਦੀ ਗੱਲ ਕਹੀ। ਉਸਨੇ ਉਸ ਸਮੇਂ ਕਿਹਾ ਸੀ ਕਿ ਉਸਦੇ ਖਿਲਾਫ ਲਗਾਏ ਗਏ ਦੋਸ਼ ਝੂਠੇ ਸਨ।
ਕਾਬਿਲੇਗੌਰ ਹੈ ਕਿ ਅਮਰੀਕੀ ਵਕੀਲਾਂ ਨੇ ਨਿਖਿਲ ਗੁਪਤਾ 'ਤੇ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਲਈ ਇੱਕ ਭਾਰਤੀ ਅਧਿਕਾਰੀ ਨਾਲ ਮਿਲ ਕੇ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ। ਭਾਰਤ ਸਰਕਾਰ ਨੇ ਪੰਨੂ ਵਿਰੁੱਧ ਕਿਸੇ ਵੀ ਸਾਜ਼ਿਸ਼ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ, ਇਹ ਕਹਿੰਦੇ ਹੋਏ ਕਿ ਇਹ ਸਰਕਾਰੀ ਨੀਤੀ ਦੇ ਖਿਲਾਫ ਹੈ।
ਕੌਣ ਹਨ ਨਿਖਿਲ ਗੁਪਤਾ ਅਤੇ ਦਹਿਸ਼ਤਗਰਦ ਗੁਰਪਤਵੰਤ ਪੰਨੂ ?
ਦੱਸਣਯੋਗ ਹੈ ਕਿ ਦਹਿਸ਼ਤਗਰਦ ਪੰਨੂ ਇੱਕ ਅਮਰੀਕੀ ਨਿਵਾਸੀ ਅਤੇ ਅਮਰੀਕੀ-ਕੈਨੇਡੀਅਨ ਨਾਗਰਿਕ ਹੈ।ਦਹਿਸ਼ਤਗਰਦ ਗੁਰਪਤਵੰਤ ਪੰਨੂ ਸਿੱਖਸ ਫਾਰ ਜਸਟਿਸ (SFJ) ਦਾ ਮੁਖੀ ਹੈ ਅਤੇ ਭਾਰਤ ਵਿੱਚ ਇੱਕ ਮਨੋਨੀਤ ਅੱਤਵਾਦੀ ਹੈ। ਪੰਨੂ ਦਾ ਭਾਰਤ ਵਿਰੁੱਧ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ ਦੇਣ ਦਾ ਇੱਕ ਲੰਮਾ ਇਤਿਹਾਸ ਹੈ। ਉਹ ਸਿੱਖਾਂ ਲਈ ਇੱਕ ਵੱਖਰਾ ਦੇਸ਼ ਬਣਾਉਣ ਲਈ ਭਾਰਤ ਦੀ ਵੰਡ ਦੀ ਵਕਾਲਤ ਕਰਦਾ ਹੈ।
ਦੂਜੇ ਪਾਸੇ ਨਿਖਿਲ ਗੁਪਤਾ ਦਾ ਨਾਮ ਨਵੰਬਰ 2023 ਵਿੱਚ ਖ਼ਬਰਾਂ ਵਿੱਚ ਆਇਆ ਸੀ ਜਦੋਂ ਉਸ 'ਤੇ ਨਿਊਯਾਰਕ ਵਿੱਚ ਇੱਕ ਭਾਰਤੀ-ਅਮਰੀਕੀ ਨਾਗਰਿਕ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਗਿਆ ਸੀ। ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਨਿਖਿਲ ਗੁਪਤਾ ਨੇ ਅਪਰਾਧ ਨੂੰ ਅੰਜਾਮ ਦੇਣ ਲਈ ਇੱਕ ਵਿਅਕਤੀ ਨੂੰ ਕਿਰਾਏ 'ਤੇ ਲਿਆ ਸੀ। ਹੁਣ, ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ।