Fri, Feb 13, 2026
Whatsapp

Bangladesh national elections: ਬੰਗਲਾਦੇਸ਼ ’ਚ 20 ਸਾਲਾਂ ਬਾਅਦ BNP ਦੀ ਜਿੱਤ; ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ !

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਕ ਰਹਮਾਨ ਅਤੇ ਬੀਐਨਪੀ ਨੂੰ ਜਿੱਤ ਲਈ ਵਧਾਈ ਦਿੱਤੀ ਹੈ।

Reported by:  PTC News Desk  Edited by:  Jasleen Kaur -- February 13th 2026 11:49 AM
Bangladesh national elections:  ਬੰਗਲਾਦੇਸ਼ ’ਚ  20 ਸਾਲਾਂ ਬਾਅਦ BNP ਦੀ ਜਿੱਤ; ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ !

Bangladesh national elections: ਬੰਗਲਾਦੇਸ਼ ’ਚ 20 ਸਾਲਾਂ ਬਾਅਦ BNP ਦੀ ਜਿੱਤ; ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ !

Bangladesh national elections: ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੇ ਨੇਤਾ ਤਾਰੀਕ ਰਹਮਾਨ ਦੀ ਅਗਵਾਈ ਹੇਠ ਪਾਰਟੀ ਵੀਰਵਾਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਭਾਰੀ ਬਹੁਮਤ ਵੱਲ ਵਧ ਰਹੀ ਹੈ। ਦੱਸ ਦਈਏ ਕਿ ਨਤੀਜਿਆਂ ਅਨੁਸਾਰ 60 ਸਾਲਾ ਰਹਮਾਨ ਲਈ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਸਤਾ ਲਗਭਗ ਸਾਫ ਦਿਖਾਈ ਦੇ ਰਿਹਾ ਹੈ।

ਚੋਣ ਕਮਿਸ਼ਨ ਅਤੇ ਪਾਰਟੀ ਸਰੋਤਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਤਾਰੀਕ ਰਹਮਾਨ ਨੇ ਢਾਕਾ-17 ਅਤੇ ਬੋਗੁਰਾ-6 ਦੋਵੇਂ ਹਲਕਿਆਂ ਤੋਂ ਜਿੱਤ ਦਰਜ ਕੀਤੀ ਹੈ। 300 ਵਿੱਚੋਂ 292 ਸੀਟਾਂ ‘ਤੇ ਮੈਦਾਨ ਵਿੱਚ ਉਤਰੀ ਬੀਐਨਪੀ ਆਪਣੇ ਸਾਥੀ ਦਲਾਂ ਨਾਲ ਮਿਲ ਕੇ ਬਹੁਮਤ ਹਾਸਲ ਕਰਨ ਦੀ ਸਥਿਤੀ ਵਿੱਚ ਨਜ਼ਰ ਆ ਰਹੀ ਹੈ।


ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਰੀਕ ਰਹਮਾਨ ਅਤੇ ਬੀਐਨਪੀ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਉਨ੍ਹਾਂ ਕਿਹਾ ਕਿ ਇਹ ਜਿੱਤ ਬੰਗਲਾਦੇਸ਼ ਦੀ ਜਨਤਾ ਦੇ ਭਰੋਸੇ ਦੀ ਪ੍ਰਤੀਕ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਬਹੁਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਵਿਕਾਸੀ ਲਕਸ਼ਾਂ ਵੱਲ ਇਕੱਠੇ ਅੱਗੇ ਵਧਣ ਦੀ ਇੱਛਾ ਜਤਾਈ।

ਭਾਰਤ ਤੋਂ ਇਲਾਵਾ ਅਮਰੀਕਾ ਵੱਲੋਂ ਵੀ ਚੋਣ ਨਤੀਜਿਆਂ ਦਾ ਸਵਾਗਤ ਕੀਤਾ ਗਿਆ ਹੈ। ਬੰਗਲਾਦੇਸ਼ ਵਿੱਚ ਅਮਰੀਕੀ ਰਾਜਦੂਤ ਬ੍ਰੈਂਟ ਟੀ ਕ੍ਰਿਸਟੈਨਸਨ ਨੇ ਬੰਗਲਾਦੇਸ਼ ਦੀ ਜਨਤਾ ਨੂੰ ਸਫਲ ਚੋਣਾਂ ਲਈ ਵਧਾਈ ਦਿੰਦਿਆਂ ਨਵੇਂ ਪ੍ਰਸ਼ਾਸਨ ਨਾਲ ਖੁਸ਼ਹਾਲੀ ਅਤੇ ਸੁਰੱਖਿਆ ਦੇ ਸਾਂਝੇ ਲਕਸ਼ਾਂ ‘ਤੇ ਕੰਮ ਕਰਨ ਦੀ ਤਿਆਰੀ ਜਤਾਈ।

ਬੀਐਨਪੀ ਦੀ ਚੋਣ ਕਮੇਟੀ ਦੇ ਪ੍ਰਵਕਤਾ ਮਹਦੀ ਅਮੀਨ ਨੇ ਕਿਹਾ ਕਿ ਸ਼ੁਰੂਆਤੀ ਰੁਝਾਨਾਂ ਅਨੁਸਾਰ ਪਾਰਟੀ ਦੋ-ਤਿਹਾਈ ਸੀਟਾਂ ਜਿੱਤਣ ਵੱਲ ਵਧ ਰਹੀ ਹੈ। ਸੀਨੀਅਰ ਨੇਤਾ ਰੂਹੁਲ ਕਬੀਰ ਰਿਜ਼ਵੀ ਨੇ ਇਸਨੂੰ “ਇਤਿਹਾਸਕ ਅਤੇ ਭਾਰੀ ਮੰਡੇਟ” ਕਰਾਰ ਦਿੰਦਿਆਂ ਕਰਮਚਾਰੀਆਂ ਨੂੰ ਸੜਕਾਂ ‘ਤੇ ਜਸ਼ਨ ਮਨਾਉਣ ਦੀ ਬਜਾਏ ਸ਼ੁਕਰਾਨਾ ਅਦਾ ਕਰਨ ਦੀ ਅਪੀਲ ਕੀਤੀ।

17 ਸਾਲਾਂ ਬਾਅਦ ਵਾਪਸੀ

ਉੱਥੇ ਹੀ ਜੇਕਰ ਤਾਰੀਕ ਰਹਮਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਮਾਨ ਅਤੇ ਤਿੰਨ ਵਾਰ ਦੀ ਪ੍ਰਧਾਨ ਮੰਤਰੀ ਰਹੀ ਖਾਲੇਦਾ ਜ਼ਿਆ ਦੇ ਵੱਡੇ ਪੁੱਤਰ ਹਨ। ਲਗਭਗ 17 ਸਾਲ ਯੂਨਾਈਟਿਡ ਕਿੰਗਡਮ ਵਿੱਚ ਜ਼ਿਲਾਵਤਨੀ ਕਟਾਉਣ ਤੋਂ ਬਾਅਦ ਉਹ ਦੇਸ਼ ਵਾਪਸ ਪਰਤੇ। ਮਾਤਾ ਦੇ ਦੇਹਾਂਤ ਮਗਰੋਂ ਦਸੰਬਰ 2025 ਵਿੱਚ ਉਨ੍ਹਾਂ ਨੇ ਬੀਐਨਪੀ ਦੇ ਚੇਅਰਮੈਨ ਵਜੋਂ ਅਧਿਕਾਰਕ ਤੌਰ ‘ਤੇ ਕਮਾਨ ਸੰਭਾਲੀ, ਹਾਲਾਂਕਿ ਇਸ ਤੋਂ ਪਹਿਲਾਂ ਉਹ ਕਾਰਜਕਾਰੀ ਚੇਅਰਮੈਨ ਰਹੇ ਸਨ।

ਉਨ੍ਹਾਂ ਦਾ ਰਾਜਨੀਤਿਕ ਸਫਰ ਕਾਫੀ ਪ੍ਰਭਾਵਸ਼ਾਲੀ ਅਤੇ ਵਿਵਾਦਾਂ ਨਾਲ ਜੁੜਿਆ ਰਿਹਾ ਹੈ। ਸਾਲ 2001 ਤੋਂ 2006 ਤੱਕ ਬੀਐਨਪੀ ਅਗਵਾਈ ਵਾਲੀ ਗਠਜੋੜ ਸਰਕਾਰ ਦੌਰਾਨ ਉਹ ਪ੍ਰਭਾਵਸ਼ਾਲੀ ਭੂਮਿਕਾ ਵਿੱਚ ਰਹੇ। 2007-08 ਦੇ ਸੈਨਿਕ ਸਮਰਥਿਤ ਕੇਅਰਟੇਕਰ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਕਈ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਲਗਭਗ 17 ਮਹੀਨੇ ਹਿਰਾਸਤ ਵਿੱਚ ਰਹਿਣ ਮਗਰੋਂ ਇਲਾਜ ਲਈ ਲੰਡਨ ਚਲੇ ਗਏ।

ਬਾਅਦ ਵਿੱਚ ਗੈਰਹਾਜ਼ਰੀ ਵਿੱਚ ਹੋਈਆਂ ਸਜ਼ਾਵਾਂ ਸਮੇਤ ਕਈ ਮਾਮਲੇ 2024 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਦੇ ਡਿੱਗਣ ਮਗਰੋਂ  ਰੱਦ ਕਰ ਦਿੱਤੇ ਗਏ। ਮੌਜੂਦਾ ਚੋਣਾਂ ਵਿੱਚ ਆਵਾਮੀ ਲੀਗ ਦੀ ਰਜਿਸਟ੍ਰੇਸ਼ਨ ਮੁਅੱਤਲ ਹੋਣ ਕਾਰਨ ਉਹ ਮੈਦਾਨ ਵਿੱਚ ਨਹੀਂ ਉਤਰੀ, ਜਿਸ ਨਾਲ ਚੋਣੀ ਤਸਵੀਰ ਵਿੱਚ ਵੱਡਾ ਬਦਲਾਅ ਆਇਆ।

ਭਾਰਤ-ਬੰਗਲਾਦੇਸ਼ ਸਬੰਧਾਂ ‘ਤੇ ਨਜ਼ਰ

ਨਵੀਂ ਬੀਐਨਪੀ ਸਰਕਾਰ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਭਾਰਤ ਨਾਲ ਸਬੰਧਾਂ ਨੂੰ ਨਵੀਂ ਦਿਸ਼ਾ ਦੇਣਾ ਹੋਵੇਗਾ। ਸ਼ੇਖ ਹਸੀਨਾ ਦੇ ਦੌਰ ਵਿੱਚ ਦੋਵੇਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਮਜ਼ਬੂਤ ਰਹੇ, ਪਰ ਹਾਲੀਆ ਸਮੇਂ ਵਿੱਚ ਤਣਾਅ ਦੇ ਸੰਕੇਤ ਮਿਲੇ ਹਨ।

ਤਾਰੀਕ ਰਹਮਾਨ ਨੇ ਕਿਹਾ ਹੈ ਕਿ ਭਵਿੱਖ ਦੇ ਸਬੰਧ “ਆਪਸੀ ਸਤਿਕਾਰ ਅਤੇ ਸਮਝ” ‘ਤੇ ਆਧਾਰਿਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਭਰੋਸੇ ਦੀ ਪੁਨਰਸਥਾਪਨਾ ਦੋਹਾਂ ਪੱਖਾਂ ਦੇ ਕਦਮਾਂ ‘ਤੇ ਨਿਰਭਰ ਕਰੇਗੀ। ਖੈਰ ਬੰਗਲਾਦੇਸ਼ ਵਿੱਚ ਸੱਤਾ ਬਦਲਾਅ ਨਾਲ ਦੇਸ਼ ਦੀ ਅੰਦਰੂਨੀ ਰਾਜਨੀਤੀ ਅਤੇ ਖੇਤਰੀ ਕੂਟਨੀਤੀ ਦੋਹਾਂ ਵਿੱਚ ਨਵਾਂ ਅਧਿਆਇ ਸ਼ੁਰੂ ਹੋਣ ਦੀ ਸੰਭਾਵਨਾ ਹੈ।

- With inputs from agencies

Top News view more...

Latest News view more...

PTC NETWORK
PTC NETWORK